ਨਵੀਂ ਦਿੱਲੀ, 23 ਜਨਵਰੀ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਦੁਆਰਾ ਉਰਦੂ ਦੇ ਪ੍ਰਸਿੱਧ ਚਿੰਤਕ, ਆਲੋਚਕ, ਭਾਸ਼ਾ ਵਿਗਿਆਨੀ, ਕਹਾਣੀਕਾਰ, ਕਵੀ ਅਤੇ ਲੇਖਕ ਸ਼ਮਸੁਰ ਰਹਿਮਾਨ ਫਾਰੂਕੀ ਦੇ ਸਾਹਿਤਕ ਯੋਗਦਾਨ 'ਤੇ ਅਕਾਦਮੀ ਆਡੀਟੋਰੀਅਮ, ਨਵੀਂ ਦਿੱਲੀ ਵਿਖੇ ਸੈਮੀਨਾਰ ਕਰਵਾਇਆ ਗਿਆ | ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਲੇਖਕ ਅਤੇ ਆਲੋਚਕ ਪ੍ਰੋਫ਼ੈਸਰ ਅਲੀ ਅਹਿਮਦ ਫਾਤਮੀ ਨੇ ਕੀਤੀ | ਉਨ੍ਹਾਂ ਕਿਹਾ ਕਿ ਸ਼ਮਸੁਰ ਰਹਿਮਾਨ ਫਾਰੂਕੀ ਕਈ ਵਿਧਾਵਾਂ ਦੇ ਮਾਲਕ ਸਨ | ਕਿਸੇ ਵੀ ਅੰਦੋਲਨ ਜਾਂ ਸੰਗਠਨ ਨਾਲ ਜੁੜੇ ਬਿਨਾਂ ਉਹ ਖੁਦ ਇਕ ਸੰਗਠਨ ਅਤੇ ਅੰਦੋਲਨ ਬਣ ਗਏ | ਆਪਣੇ ਉਦਘਾਟਨੀ ਭਾਸ਼ਨ ਵਿਚ ਸਾਹਿਤ ਅਕਾਦਮੀ ਉਰਦੂ ਸਾਹਿਤਕਾਰ, ੁੁੁੋੁੁਬੋਰਡ ਦੇ ਕਨਵੀਨਰ ਅਤੇ ਪ੍ਰਸਿੱਧ ਕਵੀ ਚੰਦਰਭਾਨ ਖਿਆਲ ਨੇ ਕਿਹਾ ਕਿ ਸ਼ਮਸੁਰ ਰਹਿਮਾਨ ਫਾਰੂਕੀ ਉਰਦੂ ਸਾਹਿਤ ਦੇ ਇਕ ਅਜਿਹੇ ਸਿਤਾਰੇ ਸਨ, ਜਿਨ੍ਹਾਂ ਨੇ ਆਧੁਨਿਕਤਾ ਦੇ ਨਾਲ-ਨਾਲ ਆਲੋਚਨਾ ਸਿਰਜਣ ਵਿਚ ਆਪਣੀਆਂ ਅਥਾਹ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਮੁੱਖ ਭਾਸ਼ਨ ਦਿੰਦੇ ਹੋਏ ਅੰਜੁਮਨ ਤਰੱਕੀ ਉਰਦੂ (ਹਿੰਦ) ਦੇ ਜਨਰਲ ਸਕੱਤਰ ਅਤਹਰ ਫਾਰੂਕੀ ਨੇ ਸ਼ਮਸੁਰ ਰਹਿਮਾਨ ਫਾਰੂਕੀ ਨਾਲ ਸੰਬੰਧਿਤ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕੀਤੀਆਂ | ਸੈਮੀਨਾਰ ਦਾ ਪਹਿਲਾ ਸੈਸ਼ਨ ਜਾਮੀਆ ਮਿਲੀਆ ਇਸਲਾਮੀਆ ਵਿਖੇ ਉਰਦੂ ਵਿਭਾਗ ਦੇ ਪ੍ਰੋਫੈਸਰ ਅਹਿਮਦ ਮਹਿਫੂਜ਼ ਦੀ ਪ੍ਰਧਾਨਗੀ ਹੇਠ ਹੋਇਆ | ਉਨ੍ਹਾਂ ਕਿਹਾ ਕਿ ਫਾਰੂਕੀ ਸਾਹਿਬ ਉਨ੍ਹਾਂ ਕੁਝ ਸ਼ਖ਼ਸੀਅਤਾਂ ਵਿਚੋਂ ਸਨ ਜਿਨ੍ਹਾਂ ਨੇ ਗਿਆਨ ਅਤੇ ਸਾਹਿਤ ਦੀ ਦੁਨੀਆ ਵਿਚ ਉੱਚਾ ਅਹੁਦਾ ਸੰਭਾਲਣ ਦੇ ਬਾਵਜੂਦ ਨਿਮਰਤਾ ਦਾ ਪ੍ਰਦਰਸ਼ਨ ਕੀਤਾ | ਇਸ ਸੈਸ਼ਨ ਵਿਚ ਇਕਬਾਲ ਹੁਸੈਨ, ਸ਼ਕੀਲਾ ਬਾਨੋ, ਗੌਰੀ ਖਾਨ ਅਤੇ ਮਿਰਾਜ਼ ਅਜਮਾਲੀ ਨੇ ਆਪੇ ਆਪਣੇ ਖੋਜ ਪੱਤਰ ਪੇਸ਼ ਕੀਤੇ | ਦੂਜੇ ਸੈਸ਼ਨ ਦੀ ਪ੍ਰਧਾਨਗੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਖਵਾਜਾ ਮੁਹੰਮਦ ਇਕਰਾਮੁਦੀਨ ਨੇ ਕੀਤੀ | ਇਸ ਸੈਸ਼ਨ ਵਿਚ ਜਗਦੰਬਾ ਦੂਬੇ ਅਤੇ ਪ੍ਰੋ. ਕੌਸਰ ਮਜ਼ਹਰੀ ਦੁਆਰਾ ਖੋਜ ਪੱਤਰ ਪੇਸ਼ ਕੀਤੇ ਗਏ | ਪ੍ਰੋਗਰਾਮ ਦਾ ਸੰਚਾਲਨ ਸਾਹਿਤ ਅਕਾਦਮੀ ਦੇ ਸੰਪਾਦਕ ਅਨੁਪਮ ਤਿਵਾੜੀ ਨੇ ਕੀਤਾ |