ਯਮੁਨਾਨਗਰ, 30 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੀ ਐਨ. ਐਸ. ਐਸ. ਇਕਾਈ ਵਲੋਂ ਬੀਤੀ 29 ਜਨਵਰੀ ਨੂੰ ਦਾਮਲਾ ਕਮਿਊਨਿਟੀ ਸੈਂਟਰ ਵਿਖੇ ਐਨ. ਐਸ. ਐਸ. ਪ੍ਰੋਗਰਾਮ ਅਫਸਰ ਰਿਚਾ ਖਰਬੰਦਾ ਦੀ ਅਗਵਾਈ ਹੇਠ 'ਸਾਂਝੀ ਰੋਟੀ' ਵਿਸ਼ੇ 'ਤੇ ਇਕ ਰੋਜ਼ਾ ਕੈਂਪ ਲਗਾਇਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਏਕਤਾ, ਆਪਸੀ ਸਹਿਯੋਗ, ਸਮਾਨਤਾ ਤੇ ਸਾਂਝਾ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ | ਕੈਂਪ ਦਾ ਉਦਘਾਟਨ ਪੌਲੀਟੈਕਨਿਕ ਦੇ ਪਿ੍ੰਸੀਪਲ ਅਨਿਲ ਕੁਮਾਰ ਨੇ ਕੀਤਾ | ਇਸ ਮੌਕੇ ਉਨ੍ਹਾਂ 'ਸਾਂਝੀ ਰੋਟੀ' ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਭੋਜਨ ਸਾਂਝਾ ਕਰਨ ਨਾਲ ਸਮਾਜਿਕ ਸਦਭਾਵਨਾ, ਭਾਈਚਾਰਾ ਤੇ ਆਪਸੀ ਪਿਆਰ ਮਜ਼ਬੂਤ ਹੁੰਦਾ ਹੈ | ਇਸ ਮੌਕੇ 85 ਐਨ. ਐਸ. ਐਸ. ਵਲੰਟੀਅਰਾਂ ਨੇ ਆਪਣੇ ਘਰਾਂ ਤੋਂ ਲਿਆਂਦੇ ਭੋਜਨ ਨੂੰ ਇਕ ਦੂਜੇ ਨਾਲ ਸਾਂਝਾ ਕੀਤਾ, ਜਿਸ ਨਾਲ ਆਪਸੀ ਸਦਭਾਵਨਾ ਅਤੇ ਏਕਤਾ ਦਾ ਸੰਦੇਸ਼ ਮਿਲਿਆ | ਪ੍ਰੋਗਰਾਮ ਤੋਂ ਬਾਅਦ ਐਨ. ਐਸ. ਐਸ. ਪ੍ਰੋਗਰਾਮ ਅਫਸਰ ਖਰਬੰਦਾ ਤੇ ਮੈਡਮ ਭਾਰਤੀ ਦੀ ਮਦਦ ਨਾਲ ਵਲੰਟੀਅਰਾਂ ਲਈ ਤਾਲਮੇਲ ਅਤੇ ਸੰਚਾਰ ਹੁਨਰ ਨਾਲ ਸੰਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਨਾਲ ਉਨ੍ਹਾਂ ਦੇ ਲੀਡਰਸ਼ਿਪ ਹੁਨਰ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਵਿਕਾਸ ਹੋਇਆ |