ਕਾਲਾਂਵਾਲੀ/ਸਿਰਸਾ, 2 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਤਿਲੋਕੇਵਾਲਾ ਕੋਲ ਕਾਲਾਂਵਾਲੀ-ਰੋੜੀ ਸੜਕ 'ਤੇ ਇਕ ਨਿੱਜੀ ਸਕੂਲ ਬੱਸ ਤੇ ਪਿਕਅੱਪ ਵਿਚਕਾਰ ਹੋਈ ਟੱਕਰ 'ਚ ਪਿਕਅੱਪ ਡਰਾਈਵਰ ਦੀ ਮੌਤ ਹੋ ਗਈ ਤੇ ਬੱਸ ਡਰਾਈਵਰ ਜ਼ਖ਼ਮੀ ਹੋ ਗਿਆ | ਹਾਦਸੇ ਸਮੇਂ ਬੱਸ ਵਿਚ 26 ਬੱਚੇ ਸਵਾਰ ਸਨ ਤੇ ਸਾਰੇ ਬੱਚੇ ਸੁਰੱਖਿਅਤ ਰਹੇ ਇਕ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਹਾਦਸੇ ਵਿਚ ਬੱਸ ਤੇ ਪਿਕਅੱਪ ਦੋਵੇਂ ਨੁਕਸਾਨੇ ਗਏ | ਚਸ਼ਮਦੀਦਾਂ ਅਨੁਸਾਰ ਹਾਦਸਾ ਓਵਰਟੇਕ ਕਰਦੇ ਸਮੇਂ ਹੋਇਆ | ਜਾਣਕਾਰੀ ਅਨੁਸਾਰ ਪਿੰਡ ਤਿਲੋਕੇਵਾਲਾ ਦੇ ਪੈਟਰੋਲ ਪੰਪ ਨੇੜੇ ਇਹ ਹਾਦਸਾ ਵਾਪਰਿਆ | ਸਕੂਲ ਬੱਸ ਕਾਲਾਂਵਾਲੀ ਤੋਂ 26 ਬੱਚਿਆਂ ਨੂੰ ਲੈ ਕੇ ਪਿੰਡ ਤਿਲੋਕੇਵਾਲਾ ਦੇ ਸਕੂਲ ਜਾ ਰਹੀ ਸੀ | ਪਿਕਅੱਪ ਰਤੀਆ ਤੋਂ ਸਰਦੂਲਗੜ੍ਹ ਰਾਹੀਂ ਕਾਲਾਂਵਾਲੀ ਵੱਲ ਆ ਰਹੀ ਸੀ | ਸਾਹਮਣੇ ਤੋਂ ਇਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਪਿਕਅੱਪ ਸਕੂਲ ਬੱਸ ਨਾਲ ਟਕਰਾ ਗਈ | ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਹਾਦਸੇ ਵਿਚ ਪਿਕਅੱਪ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਸ ਦੀ ਪਛਾਣ ਫਤਿਹਾਬਾਦ ਦੇ ਪਿੰਡ ਹਮਜ਼ਾਪੁਰ ਦੇ ਵਾਸੀ ਰਾਜ ਕੁਮਾਰ ਵਜੋਂ ਹੋਈ ਹੈ | ਪਿਕਅੱਪ ਦਾ ਹੈਲਪਰ ਮੱਘਰ ਸਿੰਘ ਜ਼ਖ਼ਮੀ ਹੋ ਗਿਆ | ਸਕੂਲ ਬੱਸ ਡਰਾਈਵਰ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਰਾਜ ਕੁਮਾਰ ਆਪਣੀ ਧੀ ਦੇ ਵਿਆਹ ਦਾ ਪ੍ਰਬੰਧ ਕਰਨ ਲਈ ਡੱਬਵਾਲੀ ਜਾ ਰਿਹਾ ਸੀ | ਪਿਕਅੱਪ ਹੈਲਪਰ ਮੱਘਰ ਸਿੰਘ ਨੇ ਦੱਸਿਆ ਕਿ ਮਿ੍ਤਕ ਰਾਜ ਕੁਮਾਰ ਪਿੰਡਾਂ ਵਿਚ ਅਨਾਜ ਵੇਚਦਾ ਸੀ | ਉਸ ਦੀਆਂ ਦੋ ਧੀਆਂ ਤੇ ਇਕ ਪੁੱਤਰ ਹੈ | ਉਨ੍ਹਾਂ ਵਿਚੋਂ ਇਕ ਵਿਆਹੀ ਹੋਈ ਹੈ, ਜਦ ਕਿ ਦੂਜੀ ਡੱਬਵਾਲੀ ਵਿਚ ਮੰਗਣੀ ਹੋਈ ਹੈ | ਉਹ ਆਪਣੀ ਧੀ ਦੇ ਵਿਆਹ ਦਾ ਪ੍ਰਬੰਧ ਕਰਨ ਲਈ ਡੱਬਵਾਲੀ ਜਾ ਰਹੀ ਸੀ ਕਿ ਰਸਤੇ 'ਚ ਇਹ ਹਾਦਸਾ ਵਾਪਰ ਗਿਆ | ਇਸ ਸਕੂਲ ਬੱਸ ਹਾਦਸੇ ਦੀ ਖ਼ਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਚਿੰਤਤ ਹੋ ਗਏ ਤੇ ਆਪਣੇ ਬੱਚਿਆਂ ਦਾ ਹਾਲ-ਚਾਲ ਜਾਣਨ ਲਈ ਸਕੂਲ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ | ਸਥਿਤੀ ਦਾ ਪਤਾ ਲੱਗਦਿਆਂ ਹੀ ਸਾਰਿਆਂ ਨੇ ਸੁੱਖ ਦਾ ਸਾਹ ਲਿਆ | ਚਸ਼ਮਦੀਦਾਂ ਦੇ ਅਨੁਸਾਰ ਪਿਕਅੱਪ ਡਰਾਈਵਰ ਇਕ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ | ਸਕੂਲ ਬੱਸ ਡਰਾਈਵਰ ਨੇ ਸਮਝਦਾਰੀ ਨਾਲ ਕੰਮ ਕੀਤਾ ਅਤੇ ਕੱਚੀ ਸੜਕ 'ਤੇ ਬੱਸ ਰੋਕ ਦਿੱਤੀ | ਇਸ ਦੇ ਬਾਵਜੂਦ ਪਿਕਅੱਪ ਡਰਾਈਵਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ | ਘਟਨਾ ਤੋਂ ਤੁਰੰਤ ਬਾਅਦ ਨੇੜਲੇ ਪਿੰਡਾਂ ਦੇ ਵਾਸੀ ਅਤੇ ਸਕੂਲ ਪ੍ਰਬੰਧਕ ਮੌਕੇ 'ਤੇ ਪਹੁੰਚੇ ਅਤੇ ਸਾਰੇ ਬੱਚਿਆਂ ਨੂੰ ਬੱਸ ਤੋਂ ਸੁਰੱਖਿਅਤ ਬਾਹਰ ਕੱਢਿਆ | ਕਾਲਾਂਵਾਲੀ ਦੇ ਥਾਣਾ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਇਕ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ | ਮੁੱਢਲੀ ਜਾਂਚ 'ਚ ਪਿਕਅੱਪ ਡਰਾਈਵਰ ਨੂੰ ਗਲਤੀ ਕਰਾਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |