ਨਵੀਂ ਦਿੱਲੀ, 6 ਫਰਵਰੀ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵਲੋਂ ਕੁੱਝ ਮੁੱਦਿਆਂ ਨੂੰ ਲੈ ਕੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ਕੀਤੀ ਗਈ ਸੀ, ਜਿਸ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਵਲੋਂ ਇਸ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ | ਇਸ ਬਾਰੇ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਨੇ ਸੰਗਤਾਂ ਦੇ ਦਸਵੰਧ ਤੇ ਗੁਰੂ ਦੀ ਗੋਲਕਾਂ ਦਾ ਕਰੋੜਾਂ ਰੁਪਿਆ ਲੁੱਟਣ ਦੇ ਨਾਲ ਹੀ ਸਿੱਖ ਅਦਾਰਿਆਂ ਨੂੰ ਤਬਾਹੀ ਕੰਢੇ ਪਹੁੰਚਾ ਦਿੱਤਾ ਹੈ ਅਤੇ ਕਿਧਰੇ ਨਾ ਕਿਧਰੇ ਇਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਵੀ ਹਾਸਿਲ ਹੈ | ਇਸ ਕਰਕੇ ਇਨ੍ਹਾਂ ਖ਼ਿਲਾਫ਼ ਸਰਕਾਰੀ ਪੱਧਰ 'ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਨ ਦਿੱਲੀ ਦਾ ਸਿੱਖ ਭਾਈ ਚਾਰਾ ਬਹੁਤ ਹੀ ਬੇਚੈਨੀ ਮਹਿਸੂਸ ਕਰ ਰਿਹਾ ਹੈ | ਹਰਵਿੰਦਰ ਸਿੰਘ ਸਰਨਾ ਨੇ ਰਾਹੁਲ ਨਾਲ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਰਾਹੁਲ ਗਾਂਧੀ ਵਲੋਂ ਲੋਕ ਸਭਾ 'ਚ ਰਾਸ਼ਟਰੀ ਮਹੱਤਵ ਦੇ ਮਾਮਲਿਆਂ ਨੂੰ ਬੜੀ ਸਪੱਸ਼ਟਤਾ ਤੇ ਦਲੇਰੀ ਨਾਲ ਚੁੱਕਿਆ ਜਾਂਦਾ ਹੈ, ਜਿਸ ਦੇ ਲਈ ਹੋਰਨਾ ਲੋਕਾਂ ਤੋਂ ਇਲਾਵਾ ਦਿੱਲੀ ਦਾ ਸਿੱਖ ਭਾਈਚਾਰਾ ਵੀ ਪ੍ਰਭਾਵਿਤ ਹੈ | ਸਰਨਾ ਨੇ ਕਿਹਾ ਕਿ ਕਿਉਂਕਿ ਸੰਸਦ 'ਚ ਵੀ ਸਿੱਖ ਮਸਲਿਆਂ ਬਾਰੇ ਕੋਈ ਚਰਚਾ ਨਹੀਂ ਹੋ ਰਹੀ, ਇਸ ਲਈ ਉਨ੍ਹਾਂ (ਹਰਵਿੰਦਰ ਸਿੰਘ ਸਰਨਾ) ਨੇ ਰਾਹੁਲ ਨਾਲ ਮੁਲਾਕਾਤ ਦੌਰਾਨ ਪੁੱਛਿਆ ਕਿ ਕੀ ਤੁਸੀਂ ਸੰਸਦ ਵਿਚ ਸਾਡੇ ਸਿੱਖ ਮਸਲੇ ਚੁੱਕ ਸਕਦੇ ਹੋ ਤਾਂ ਰਾਹੁਲ ਨੇ ਹਾਂ-ਪੱਖੀ ਹੁੰਗਾਰਾ ਦਿੰਦਿਆਂ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ | ਸਰਨਾ ਨੇ ਕਿਹਾ ਕਿ ਸਾਡੀ ਲੋਕਤੰਤਰੀ ਵਿਵਸਥਾ ਖ਼ਤਮ ਕੀਤੀ ਜਾ ਰਹੀ ਹੈ, ਗੁਰਧਾਮਾਂ ਨੂੰ ਹਥਿਆਇਆ ਜਾ ਰਿਹਾ ਹੈ ਤੇ ਮੌਜੂਦਾ ਪ੍ਰਬੰਧਕ ਆਰ. ਐੱਸ. ਐੱਸ.-ਭਾਜਪਾ ਦੀ ਝੋਲੀ 'ਚ ਬੈਠ ਕੇ ਉਹੀ ਕੁੱਝ ਆਖਦੇ ਹਨ, ਜੋ ਉਹ ਨਿਰਦੇਸ਼ ਦਿੰਦੇ ਹਨ | ਇਸੇ ਕਰਕੇ ਉਨ੍ਹਾਂ ਨੇ ਭਿ੍ਸ਼ਟਾਚਾਰ ਪ੍ਰਬੰਧਕਾਂ ਦਾ ਕਾਰਜਕਾਲ ਵੀ ਵਧਾਇਆ ਗਿਆ ਹੈ | ਸਰਨਾ ਨੇ ਭਰੋਸਾ ਜਤਾਇਆ ਕਿ ਸਾਨੂੰ ਪੂਰੀ ਉਮੀਦ ਹੈ ਕਿ ਰਾਹੁਲ ਗਾਂਧੀ ਸੰਸਦ 'ਚ ਸਿੱਖ ਭਾਈਚਾਰਿਆਂ ਦੇ ਮਸਲੇ ਵੀ ਚੁੱਕਣਗੇ | ਇਸ ਮੌਕੇ ਸਰਨਾ ਨੇ ਬੰਦੀ ਸਿੰਘਾ ਦੀ ਰਿਹਾਈ ਦਾ ਜ਼ਿਕਰ ਵੀ ਕੀਤਾ ¢