ਟੋਹਾਣਾ/ਜਾਖ਼ਲ, 21 ਫਰਵਰੀ (ਮਨਜੀਤ ਸਿੰਘ)-ਲੋਕਾਂ ਨੂੰ ਬੱਸ ਅੱਡੇ ਤੋਂ ਸ਼ਹਿਰ ਵੱਲ ਨੂੰ ਆਉਣ ਅਤੇ ਜਾਣ ਦੀ ਬਹੁਤ ਪ੍ਰੇਸ਼ਾਨੀ ਹੋ ਰਹੀ ਸੀ, ਜਿਸ ਨੂੰ ਮੁੱਖ ਰੱਖਦਿਆਂ ਆਵਾਜਾਈ ਵਿਭਾਗ ਵਲੋਂ ਲੋਕਲ ਬੱਸ ਸੇਵਾ ਚਲਾ ਦਿੱਤੀ ਗਈ ਹੈ | ਟੋਹਾਣਾ 'ਚ ਲੋਕਲ ਬੱਸ ਸੇਵਾ ਸ਼ੁਰੂ ਹੋਣ ਸੰਬੰਧੀ ਟੋਹਾਣਾ ਬੱਸ ਅੱਡਾ ਦੇ ਇੰਚਾਰਜ ਸੁਰੇਸ਼ ਦਹੀਆ ਨੇ ਦੱਸਿਆ ਕਿ ਟੋਹਾਣਾ ਵਿਚ ਦੋ ਬੱਸਾਂ ਲੋਕਲ ਚਲਾਈਆਂ ਗਈਆਂ ਹਨ, ਜਿਨ੍ਹਾਂ 'ਚ ਇਕ ਬੱਸ ਬੱਸ ਅੱਡਾ ਟੋਹਾਣਾ ਤੋਂ ਸਿਵਲ ਹਸਪਤਾਲ, ਕੈਂਚੀ ਚੌਕ, ਆਈ. ਟੀ. ਆਈ., ਰੇਲਵੇ ਸਟੇਸ਼ਨ ਜਾਵੇਗੀ ਅਤੇ ਦੂਜੀ ਬੱਸ ਬਰਾੜ ਚੌਕ, ਅੰਬੇਦਕਰ ਚੌਕ ਤੇ ਅੰਬੇਡਕਰ ਚੌਕ ਤੋਂ ਬੱਸ ਅੱਡਾ ਵਾਪਸ ਆਵੇਗੀ ਜੋ ਕਿ ਸਾਰਾ ਦਿਨ ਆਪਣੀ ਸੇਵਾ ਦੇਣਗੀਆਂ, ਜਿਸ ਦਾ ਕਿਰਾਇਆ 5 ਤੋਂ 10 ਰੁਪਏ ਹੈ | ਇਹ ਸੇਵਾ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਹੋਵੇ, ਇਸ ਕਰਕੇ ਇਨ੍ਹਾਂ ਬੱਸਾਂ ਨੂੰ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਆਮ ਜਨਤਾ ਨੂੰ ਇਨ੍ਹਾਂ ਬੱਸਾਂ ਦਾ ਲਾਭ ਲੈਣ ਦੀ ਬੇਨਤੀ ਕੀਤੀ |