ਗੂਹਲਾ ਚੀਕਾ, 3 ਮਾਰਚ (ਓ. ਪੀ. ਸੈਣੀ)-ਅਕਾਲ ਅਕੈਡਮੀ ਭੁੰਸਲਾ ਵਿੱਚ ਕਿੰਡਰਗਾਰਟਨ ਦੇ ਨੰਨੇ ਮੁੰਨੇ ਬੱਚਿਆਂ ਲਈ ਗ੍ਰੈਜੂਏਸਨ ਡੇ ਸਮਾਰੋਹ ਮਨਾਇਆ ਗਿਆ | ਇਹ ਸਮਾਰੋਹ ਬੱਚਿਆਂ ਵਲੋਂ ਕਿੰਡਰਗਾਰਟਨ ਦੀ ਪੜ੍ਹਾਈ ਸਫਲਤਾਪੂਰਵਕ ਪੂਰੀ ਕਰਨ ਉਪਰੰਤ ਉਨ੍ਹਾਂ ਦੇ ਨਵੇਂ ਸਿੱਖਿਆਈ ਪੜਾਅ ਵੱਲ ਕਦਮ ਰੱਖਣ ਦੀ ਖੁਸ਼ੀ 'ਚ ਆਯੋਜਿਤ ਕੀਤਾ ਗਿਆ | ਸਕੂਲ ਕੈਂਪਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਮਾਪੇ ਇਸ ਸਮਾਰੋਹ ਵਿਚ ਸ਼ਾਮਲ ਹੋਏ ਅਤੇ ਆਪਣੇ ਬੱਚਿਆਂ ਦੀ ਇਸ ਮਹੱਤਵਪੂਰਨ ਉਪਲਬਧੀ ਦੇ ਗਵਾਹ ਬਣੇ | ਨੰਨੇ ਗ੍ਰੈਜੂਏਟ ਆਪਣੇ ਗ੍ਰੈਜੂਏਸ਼ਨ ਡਰੈੱਸ 'ਚ ਬਹੁਤ ਹੀ ਸੋਹਣੇ ਲੱਗ ਰਹੇ ਸਨ ਅਤੇ ਉਨ੍ਹਾਂ ਨੇ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈ ਕੇ ਸਭ ਦਾ ਮਨ ਮੋਹ ਲਿਆ | ਮਾਪਿਆਂ ਦੀ ਹਾਜ਼ਰੀ ਨੇ ਬੱਚਿਆਂ ਨੂੰ ਹੋਰ ਵੀ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕੀਤਾ | ਇਸ ਮੌਕੇ 'ਤੇ ਸਕੂਲ ਦੀ ਪਿ੍ੰਸੀਪਲ ਗੁਰਜੀਤ ਕੌਰ ਨੇ ਬੱਚਿਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਅਧਿਆਪਕਾਂ ਤੇ ਮਾਪਿਆਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ | ਉਨ੍ਹਾਂ ਨੇ ਕਿਹਾ ਕਿ ਬਚਪਨ ਦੀ ਸਿੱਖਿਆ ਮਜ਼ਬੂਤ ਭਵਿੱਖ ਦੀ ਨੀਂਹ ਹੁੰਦੀ ਹੈ | ਯੂ.ਕੇ.ਜੀ. ਇੰਚਾਰਜ ਜਸਪਿੰਦਰ ਕੌਰ ਨੇ ਵੀ ਬੱਚਿਆਂ ਦੀ ਪ੍ਰਾਪਤੀਆਂ 'ਤੇ ਖੁਸ਼ੀ ਜਤਾਈ ਅਤੇ ਮਾਪਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ |