ਨਾਰਾਇਣਗੜ੍ਹ, 7 ਮਾਰਚ (ਪੀ ਸਿੰਘ)-ਨਾਰਾਇਣਗੜ੍ਹ ਦੇ ਸ਼ਹਿਜ਼ਾਦਪੁਰ ਬਲਾਕ ਦੀ ਹੋਣਹਾਰ ਧੀ ਸੁਹਾਸਿਨੀ ਮਿੱਤਲ ਨੇ ਯੂ. ਪੀ. ਐਸ. ਸੀ. ਦੀ ਪ੍ਰੀਖਿਆ 'ਚ 413ਵਾਂ ਰੈਂਕ ਪ੍ਰਾਪਤ ਕਰਕੇ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ | ਉਸ ਦੀ ਪ੍ਰਾਪਤੀ ਨੇ ਪੂਰੇ ਸ਼ਹਿਜ਼ਾਦਪੁਰ ਖੇਤਰ 'ਚ ਖੁਸ਼ੀ ਅਤੇ ਮਾਣ ਦੀ ਲਹਿਰ ਫੈਲਾ ਦਿੱਤੀ ਹੈ | ਸੁਹਾਸਿਨੀ ਮਿੱਤਲ ਦੇ ਪਿਤਾ ਸੰਜੀਵ ਮਿੱਤਲ ਸ਼ਹਿਜ਼ਾਦਪੁਰ ਵਿਖੇ ਸੀਮਿੰਟ ਅਤੇ ਸਰੀਏ ਦੀ ਦੁਕਾਨ ਕਰਦੇ ਹਨ, ਜਦਕਿ ਉਸ ਦੀ ਮਾਤਾ ਪ੍ਰਤਿਭਾ ਮਿੱਤਲ ਅਧਿਆਪਕਾ ਵਜੋਂ ਸੇਵਾ ਨਿਭਾਉਂਦੇ ਹਨ | ਸੁਹਾਸਿਨੀ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਆਪਣੇ ਪਰਿਵਾਰ ਦੇ ਸਮਰਥਨ ਦੁਆਰਾ ਇਹ ਮਹੱਤਵਪੂਰਨ ਸਫ਼ਲਤਾ ਹਾਸਿਲ ਕੀਤੀ ਹੈ | ਸੁਹਾਸਿਨੀ ਮਿੱਤਲ ਨੇ ਦੱਸਿਆ ਕਿ ਉਸ ਨੇ ਯੂ. ਪੀ. ਐਸ. ਸੀ. ਦੀ ਪ੍ਰੀਖਿਆ 'ਚ 413ਵਾਂ ਰੈਂਕ ਪ੍ਰਾਪਤ ਕੀਤਾ ਹੈ | ਉਸ ਨੇ ਆਈ. ਆਈ. ਟੀ. ਬੰਬੇ ਤੋਂ ਗਣਿਤ 'ਚ ਪੋਸਟ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ ਹੈ | ਇਸੇ ਦੌਰਾਨ ਸੁਹਾਸਿਨੀ ਦੇ ਪਿਤਾ ਸੰਜੀਵ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਘਵ ਮਿੱਤਲ ਗੁਰੂਗ੍ਰਾਮ 'ਚ ਕੰਮ ਕਰ ਰਿਹਾ ਹੈ, ਜਦਕਿ ਸੁਹਾਸਿਨੀ ਪੂਰੀ ਸ਼ਿਦਤ ਨਾਲ ਆਪਣੀ ਟੀਚੇ ਦੇ ਪਿੱਛੇ ਲੱਗੀ ਹੋਈ ਹੈ | ਸੁਹਾਸਿਨੀ ਦੀ ਦਾਦੀ ਸ਼ਿਆਮਾ ਦੇਵੀ ਜੋ ਕਿ ਇਕ ਸੇਵਾ-ਮੁਕਤ ਮੁੱਖ ਅਧਿਆਪਕਾ ਹਨ, ਨੇ ਆਪਣੀ ਪੋਤੀ ਦੀ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਾਹਰ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਿੱਖਿਆ ਪ੍ਰਤੀ ਸਮਰਪਣ ਹਮੇਸ਼ਾ ਇਨਸਾਨ ਨੂੰ ਸਫ਼ਲਤਾ ਵੱਲ ਲੈ ਕੇ ਜਾਂਦੇ ਹਨ |
ਸੁਹਾਸਿਨੀ ਮਿੱਤਲ ਨੇ ਯੂ. ਪੀ. ਐਸ. ਸੀ. ਦੀ ਪ੍ਰੀਖਿਆ 'ਚ 413ਵਾਂ ਰੈਂਕ ਪ੍ਰਾਪਤ ਕਰ ਕੇ ਨਾਰਾਇਣਗੜ੍ਹ ਹਲਕੇ ਦਾ ਨਾਂਅ ਚਮਕਾਇਆ
ਅਜੀਤ ਡੈਸਕ
08-03-2026