ਰਤੀਆ/ਫ਼ਤਿਹਾਬਾਦ, 9 ਮਾਰਚ (ਬੇਅੰਤ ਕੌਰ ਮੰਡੇਰ, ਹਰਬੰਸ ਸਿੰਘ ਮੰਡੇਰ)- ਪੁਲਿਸ ਸੁਪਰਡੈਂਟ ਸਿਧਾਂਤ ਜੈਨ ਦੀ ਅਗਵਾਈ ਹੇਠ ਫ਼ਤਿਹਾਬਾਦ ਪੁਲਿਸ ਨੇ ਅਪਰਾਧੀਆਂ ਵਿਰੁੱਧ ਵਿਸ਼ੇਸ਼ ਮੁਹਿੰਮ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ | ਸੀ.ਆਈ.ਏ. ਰਤੀਆ ਪੁਲਿਸ ਟੀਮ ਨੇ ਮੁਕਾਬਲੇ ਤੋਂ ਬਾਅਦ ਕਤਲ ਅਤੇ ਬਲਾਤਕਾਰ ਦੇ ਮਾਮਲੇ 'ਚ ਲੋੜੀਂਦੇ ਦੋਸ਼ੀ ਨੂੰ ਜ਼ਖਮੀ ਹਾਲਤ 'ਚ ਕਾਬੂ ਕਰ ਲਿਆ | ਉਕਤ ਖ਼ੁਲਾਸਾ ਕਰਦਿਆਂ ਡੀ.ਐਸ.ਪੀ. ਹੈੱਡਕੁਆਟਰ ਅਤੇ ਅਪਰਾਧ ਕੁਲਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਮਹਿੰਦਰ ਸਿੰਘ ਉਰਫ਼ ਨਿੱਕਾ ਵਾਸੀ ਆਜ਼ਾਦ ਨਗਰ ਫ਼ਤਿਹਾਬਾਦ ਵਰਤਮਾਨ 'ਚ ਵਾਲਮੀਕੀ ਚੌਕ ਫ਼ਤਿਹਾਬਾਦ ਦੇ ਨੇੜੇ ਗਲੀ ਨੰ. 8 ਦਾ ਕਿਰਾਏਦਾਰ ਹੈ, ਜਨਵਰੀ 'ਚ ਸੜਕ 'ਤੇ ਇੱਕ ਅÏਰਤ ਦੀ ਲਾਸ਼ ਮਿਲਣ ਨਾਲ ਸਬੰਧਿਤ ਗੰਭੀਰ ਕਤਲ ਅਤੇ ਬਲਾਤਕਾਰ ਦੇ ਮਾਮਲੇ 'ਚ ਲੋੜੀਂਦਾ ਸੀ | ਮੁਲਜ਼ਮ ਪਹਿਲਾਂ ਸਿਰਸਾ ਪੁਲਿਸ ਹਿਰਾਸਤ 'ਚੋਂ ਭੱਜ ਗਿਆ ਸੀ ਅਤੇ ਕਾਫ਼ੀ ਸਮੇਂ ਤੋਂ ਪੰਜਾਬ 'ਚ ਲੁਕਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਰਤੀਆ ਟੀਮ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਦੀਪ ਕੁਮਾਰ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਆਪਣੀ ਪਤਨੀ ਨਾਲ ਪੰਜਾਬ ਜਾਣ ਲਈ ਇਸ ਇਲਾਕੇ 'ਚ ਆ ਰਿਹਾ ਹੈ | ਇਸ ਦੌਰਾਨ ਪੁਲਿਸ ਟੀਮ ਨੇ ਨੰਗਲ ਨੇੜੇ ਭਾਖੜਾ ਨਹਿਰ ਰੋਡ 'ਤੇ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਦੇਖਿਆ | ਪੁਲਿਸ ਟੀਮ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਦੋਸ਼ੀ ਨੇ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਮੋੜ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ | ਕੰਕਰੀਟ ਵਾਲੀ ਸੜਕ ਕਾਰਨ ਮੋਟਰਸਾਈਕਲ ਫਿਸਲ ਗਿਆ ਅਤੇ ਦੋਸ਼ੀ ਡਿਗ ਪਿਆ | ਜਿਵੇਂ ਹੀ ਉਹ ਡਿੱਗਿਆ ਗਿ੍ਫ਼ਤਾਰੀ ਤੋਂ ਬਚਣ ਲਈ ਪੁਲਿਸ ਟੀਮ 'ਤੇ ਲਗਾਤਾਰ 4 ਗੋਲੀਆਂ ਚਲਾਈਆਂ | ਟੀਮ ਦਾ ਹਿੱਸਾ ਰਹੇ ਏ.ਐਸ.ਆਈ. ਰਘੂਬੀਰ ਸਿੰਘ 'ਤੇ ਨਿਸ਼ਾਨਾ ਬਣੀਆਂ 2 ਗੋਲੀਆਂ ਸਿੱਧੀਆਂ ਉਸ ਦੀ ਬੁਲੇਟਪਰੂਫ ਜੈਕੇਟ 'ਤੇ ਲੱਗੀਆਂ, ਜਦੋਂਕਿ 2 ਹੋਰ ਨੇੜੇ ਤੋਂ ਲੰਘ ਗਏ | ਏ.ਐਸ.ਆਈ. ਰਘੂਬੀਰ ਸਿੰਘ ਆਪਣੀ ਬੁਲੇਟਪਰੂਫ ਜੈਕੇਟ ਕਾਰਨ ਵਾਲ-ਵਾਲ ਬਚ ਗਿਆ | ਪੁਲਿਸ ਟੀਮ ਨੇ ਸਵੈ-ਰੱਖਿਆ 'ਚ ਤੇਜ਼ੀ ਨਾਲ ਜਵਾਬ ਦਿੱਤਾ | ਦੋਸ਼ੀ ਮਹਿੰਦਰ ਸਿੰਘ ਉਰਫ਼ ਨਿੱਕਾ ਦੀ ਲੱਤ 'ਚ ਵੱਜੀ, ਜਿਸ ਨਾਲ ਉਹ ਜ਼ਖਮੀ ਹੋ ਗਿਆ | ਪੁਲਿਸ ਟੀਮ ਨੇ ਮੁਲਜ਼ਮ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ | ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ ਇੱਕ ਗੈਰ-ਕਾਨੂੰਨੀ 32 ਬੋਰ ਪਿਸਤੌਲ, 4 ਖ਼ਾਲੀ ਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ | ਜ਼ਖਮੀ ਮੁਲਜ਼ਮ ਨੂੰ ਤੁਰੰਤ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਗਿਆ | ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਹ ਕੁਝ ਸਮੇਂ ਤੋਂ ਪੰਜਾਬ 'ਚ ਲੁਕਿਆ ਹੋਇਆ ਸੀ ਅਤੇ ਆਪਣੀ ਪਤਨੀ ਨਾਲ ਉੱਥੇ ਯਾਤਰਾ ਕਰਨ ਦੀ ਯੋਜਨਾ ਬਣਾ ਰਿਹਾ ਸੀ | ਪੁਲਿਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ |