ਨਵੀਂ ਦਿੱਲੀ, 7 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਤਕਰੀਬਨ 1700 ਨਿੱਜੀ ਸਕੂਲਾਂ ਵਿਚ ਈ.ਡਬਲਿਊ.ਐਸ. ਅਤੇ ਦੂਸਰੇ ਵਰਗ ਦੇ ਬੱਚਿਆਂ ਦਾ ਨਰਸਰੀ, ਕੇ.ਜੀ. ਅਤੇ ਪਹਿਲੀ ਕਲਾਸ ਦੇ ਦਾਖ਼ਲੇ ਪ੍ਰਤੀ ਪਹਿਲਾਂ ਕੰਪਿਊਟਰਾਇਜ਼ਡ ਡਰਾਅ ਕੱਢਿਆ ਗਿਆ ਹੈ, ਜਿਸ ਦੇ ਆਧਾਰ 'ਤੇ ਸੀਟਾਂ ਦਾ ਬਟਵਾਰਾ ਕੀਤਾ ਜਾਵੇਗਾ | ਇਕ ਵਾਰ ਦਿੱਤੀ ਗਈ ਸੀਟ ਨੂੰ ਬਾਅਦ ਵਿਚ ਬਦਲਿਆ ਨਹੀਂ ਜਾਵੇਗਾ | ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੂੰ 55701 ਤੋਂ ਜ਼ਿਆਦਾ ਸੀਟਾਂ ਪ੍ਰਤੀ ਇਕ ਲੱਖ 40 ਹਜ਼ਾਰ ਦੇ ਕਰੀਬ ਦਾਖ਼ਲੇ ਪ੍ਰਤੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ | ਇਨ੍ਹਾਂ ਪ੍ਰਤੀ 9 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ ਸਮੁੱਚੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ | ਜੇਕਰ ਇਸ ਦਾਖ਼ਲੇ ਵਿਚ ਸੀਟਾਂ ਖ਼ਾਲੀ ਰਹਿ ਜਾਂਦੀਆਂ ਹਨ ਤਾਂ ਦੂਸਰਾ ਡਰਾਅ ਕੱਢਿਆ ਜਾਵੇਗਾ | ਇਸ ਦੀ ਜਾਣਕਾਰੀ ਸਿੱਖਿਆ ਵਿਭਾਗ ਬਾਅਦ ਵਿਚ ਦੇਵੇਗਾ | ਵਰਨਣਯੋਗ ਹੈ ਕਿ ਦਿੱਲੀ ਦੇ ਨਿੱਜੀ ਸਕੂਲਾਂ ਵਿਚ ਛੋਟੇ ਬੱਚਿਆਂ ਦੇ ਦਾਖ਼ਲੇ ਪ੍ਰਤੀ ਹਰ ਸਾਲ ਮਾਰੋਮਾਰੀ ਰਹਿੰਦੀ ਹੈ, ਕਿਉਂਕਿ ਜ਼ਿਆਦਾ ਕਰਕੇ ਬੱਚਿਆਂ ਦੇ ਮਾਪੇ ਆਪਣੇ ਬੱਚੇ ਨੂੰ ਨਿੱਜੀ ਸਕੂਲਾਂ ਵਿਚ ਪੜ੍ਹਾਉਣਾ ਚਾਹੁੰਦੇ ਹਨ | ਦਾਖ਼ਲਾ ਲੈਣ ਵਾਲੇ ਬੱਚਿਆਂ ਦੀ ਗਿਣਤੀ ਸੀਟਾਂ ਦੇ ਮੁਕਾਬਲੇ ਜ਼ਿਆਦਾ ਹੈ, ਜਿਸ ਕਰਕੇ ਸਿੱਖਿਆ ਵਿਭਾਗ ਨੇ ਡਰਾਅ ਦੀ ਨੀਤੀ ਅਪਣਾਈ ਹੈ | ਭਾਵੇਂ ਨਿੱਜੀ ਸਕੂਲ ਫ਼ੀਸਾਂ, ਦਾਖ਼ਲਾ, ਬਿਲਡਿੰਗ ਫੰਡ ਪ੍ਰਤੀ ਪਹਿਲਾਂ ਨਾਲੋਂ ਪੈਸੇ ਵਧਾ ਦਿੱਤੇ ਹਨ, ਜਿਸ ਪ੍ਰਤੀ ਬੱਚਿਆਂ ਦੇ ਮਾਪੇ ਪ੍ਰੇਸ਼ਾਨ ਜ਼ਰੂਰ ਹਨ, ਪ੍ਰੰਤੂ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿਚ ਹੀ ਪੜ੍ਹਾਉਣਾ ਚਾਹੁੰਦੇ ਹਨ |