ਨਵੀਂ ਦਿੱਲੀ, 7 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਬਾਹਰੀ ਜ਼ਿਲ੍ਹੇ ਦੀ ਪੁਲਿਸ ਵਲੋਂ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਲੋਕ ਪੋਰਟਰ ਰਾਹੀਂ ਆਨਲਾਈਨ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਦੇ ਸਨ | ਪੁਲਿਸ ਨੇ ਇਨ੍ਹਾਂ ਕੋਲੋਂ 800 ਕੁਆਰਟਰ ਸ਼ਰਾਬ ਦੇ ਫੜੇ ਹਨ ਜੋ ਕਿ ਡੱਬਿਆਂ ਵਿਚ ਬੰਦ ਕੀਤੇ ਹੋਏ ਸਨ | ਪੁਲਿਸ ਨੇ ਨਾਲ ਟੈਂਪੂ ਵੀ ਕਬਜ਼ੇ 'ਚ ਲਿਆ ਹੈ | ਪੁਲਿਸ ਨੂੰ ਇਸ ਮਾਮਲੇ ਪ੍ਰਤੀ ਜਾਣਕਾਰੀ ਮਿਲੀ ਸੀ, ਜਿਸ ਕਰਕੇ ਪੁਲਿਸ ਨੇ ਸੁਚੇਤ ਹੋ ਕੇ ਦਿੱਲੀ ਦੇ ਪੀਰਾਂਗੜ੍ਹੀ ਚੌਕ ਦੇ ਨੇੜੇ ਆਨਲਾਈਨ ਡਿਲੀਵਰੀ ਪਲੇਟਫਾਰਮ ਰਾਹੀਂ ਹਰਿਆਣਾ ਤੋਂ ਦਿੱਲੀ ਨਾਜਾਇਜ਼ ਸ਼ਰਾਬ ਦੀ ਢੋਆ-ਢੁਆਈ ਕਰਦੇ ਸਨ, ਜਿਸ ਗੱਡੀ ਵਿਚ ਸ਼ਰਾਬ ਸੀ, ਉਸ ਗੱਡੀ ਦੇ ਡਰਾਈਵਰ ਨੇ ਗੱਡੀ ਤੇਜ਼ ਸਪੀਡ ਵਿਚ ਭਜਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਆਬਕਾਰੀ ਐਕਟ ਦੀ ਧਾਰਾ 33/38/58 ਅਧੀਨ ਐਫ.ਆਈ.ਆਰ. ਦਰਜ ਕੀਤੀ ਹੈ | ਪੁਲਿਸ ਅਨੁਸਾਰ ਡਰਾਈਵਰ ਦਾ ਨਾਂਅ ਪੁਸ਼ਪਿੰਦਰ ਹੈ ਜੋ ਆਪਣੇ ਸਾਥੀ ਸਮੀਰ ਪਾਲੀਵਾਲ ਨਾਲ ਮਿਲ ਕੇ ਇਹ ਕੰਮ ਕਰਦਾ ਸੀ | ਪੁਲਿਸ ਨੇ ਜਦੋਂ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਇਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 2 ਸਾਲ ਤੋਂ ਇਹ ਧੰਦਾ ਕਰ ਰਹੇ ਸਨ ਅਤੇ ਦਿੱਲੀ ਵਿਚ ਸ਼ਰਾਬ ਸਪਲਾਈ ਕਰਦੇ ਸਨ | ਇਹ ਲੋਕ ਬਹਾਦਰਗੜ੍ਹ (ਹਰਿਆਣਾ) ਤੋਂ ਸ਼ਰਾਬ ਖ੍ਰੀਦਦੇ ਸਨ ਅਤੇ ਉਸ ਨੂੰ ਪਾਰਸਲ ਦੇ ਰੂਪ ਵਿਚ ਪੈਕ ਕਰਦੇ ਸਨ | ਇਸ ਸ਼ਰਾਬ ਦੀ ਢੋਆ-ਢੁਆਈ ਲਈ ਆਨਲਾਈਨ ਪੋਰਟਲ ਡਿਲੀਵਰੀ ਵੈਨਾਂ ਬੁੱਕ ਕਰਦੇ ਸਨ | ਇਹ ਲੋਕ ਪਾਰਸਲਾਂ ਨੂੰ ਇਸ ਢੰਗ ਨਾਲ ਪੈਕ ਕਰਦੇ ਸਨ ਤਾਂ ਕਿ ਇਹ ਕਰਾਕਰੀ ਚੀਜ਼ਾਂ ਦੀ ਤਰ੍ਹਾਂ ਵਿਖਾਈ ਦੇਣ | ਪੁਸ਼ਪਿੰਦਰ (22) ਬਹਾਦਰਗੜ ਦਾ ਰਹਿਣ ਵਾਲਾ ਹੈ ਅਤੇ ਇਹ ਬਹਾਦਰਗੜ੍ਹ ਤੋਂ ਦਿੱਲੀ ਸ਼ਰਾਬ ਭੇਜਦਾ ਸੀ | ਸਮੀਰ ਪਾਲੀਵਾਲ (19) ਦਿੱਲੀ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ ਹੈ | ਇਹ ਪੋਰਟਲ ਪਲੇਟਫਾਰਮ ਰਾਹੀਂ ਡਿਲੀਵਰੀ ਬੁੱਕ ਕਰਦਾ ਸੀ |