ਨਵੀਂ ਦਿੱਲੀ, 8 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਾਰਥ ਜ਼ਿਲ੍ਹੇ ਦੇ ਗੁਲਾਬੀ ਬਾਗ਼ ਥਾਣੇ ਦੀ ਪੁਲਿਸ ਨੇ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਇਕ ਆਟੋਮੈਟਿਕ ਪਿਸਤੌਲ ਫੜਿਆ ਹੈ ਅਤੇ ਨਾਲ ਹੀ ਦੋ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ | ਇਹ ਫੜਿਆ ਗਿਆ ਵਿਅਕਤੀ ਇਕ ਈ-ਕਾਮਰਸ ਕੰਪਨੀ ਦੇ ਵਿਚ ਡਿਲੀਵਰੀ ਬੁਆਏ ਦੇ ਤੌਰ 'ਤੇ ਕੰਮ ਕਰਦਾ ਸੀ | ਪੁਲਿਸ ਪ੍ਰਤਾਪ ਨਗਰ ਮੈਟਰੋ ਸਟੇਸ਼ਨ ਦੇ ਕੋਲ ਗੱਡੀਆਂ ਦੀ ਜਾਂਚ ਕਰ ਰਹੀ ਸੀ | ਇਸ ਜਾਂਚ ਦੌਰਾਨ ਪੁਲਿਸ ਨੂੰ ਇਕ ਮੋਟਰਸਾਈਕਲ 'ਤੇ ਆ ਰਿਹਾ ਸ਼ੱਕੀ ਵਿਅਕਤੀ ਦਿਖਿਆ, ਜਿਸ ਨੇ ਹੈਲਮੈਟ ਨਹੀਂ ਪਾਇਆ ਹੋਇਆ ਸੀ ਅਤੇ ਉਹ ਆਜ਼ਾਦ ਮਾਰਕਿਟ ਦੇ ਇਲਾਕੇ ਵਲੋਂ ਆ ਰਿਹਾ ਸੀ | ਪੁਲਿਸ ਨੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਯੂ-ਟਰਨ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਉਸ ਦੇ ਪਿੱਛੇ ਜਾ ਕੇ ਉਸ ਨੂੰ ਕਾਬੂ ਕਰ ਲਿਆ | ਪੁਲਿਸ ਵਲੋਂ ਕੀਤੀ ਗਈ ਪੁੱਛ-ਪੜਤਾਲ ਤੋਂ ਪਤਾ ਲੱਗਾ ਕਿ ਉਸ ਦਾ ਨਾਂਅ ਸੁੰਦਰ (23) ਅਤੇ ਉਹ ਉੱਤਰਪ੍ਰਦੇਸ਼ ਦੇ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ | ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਐਟੋਮੈਟਿਕ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਸੁੰਦਰ ਨੇ ਪੁਲਿਸ ਨੂੰ ਦੱਸਿਆ ਕਿ ਇਹ ਮੋਟਰਸਾਈਕਲ ਉਸ ਦੇ ਭਰਾ ਨੇ ਲੈ ਕੇ ਦਿੱਤਾ ਹੈ ਅਤੇ ਉਹ ਨਸ਼ੇ ਦਾ ਆਦੀ ਹੈ | ਉਸ ਨੇ ਇਹ ਵੀ ਦੱਸਿਆ ਕਿ ਉਸ ਦਾ ਮੇਲ ਗ਼ਲਤ ਅਨਸਰਾਂ ਨਾਲ ਹੋਇਆ ਅਤੇ ਉਨ੍ਹਾਂ ਨੇ ਜਲਦੀ ਪੈਸਾ ਕਮਾਉਣ ਬਾਰੇ ਦੱਸਿਆ | ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਗਾਜ਼ੀਆਬਾਦ ਦੇ ਰਹਿਣ ਵਾਲੇ ਵਸੀਮ ਤੋਂ 25 ਹਜ਼ਾਰ ਰੁਪਏ ਵਿਚ ਇਹ ਪਿਸਤੌਲ ਖ਼ਰੀਦਿਆ ਹੈ ਤਾਂ ਕਿ ਉਹ ਲੁੱਟ-ਖੋਹ ਕਰ ਕੇ ਪੈਸਾ ਕਮਾ ਸਕੇ |