ਟੋਹਾਣਾ, 10 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਬਲਾਕ ਦੇ ਪਿੰਡ ਸਮੈਣ, ਕਨ੍ਹੜੀ, ਭੀਮੇਵਾਲਾ, ਗਾਜੂਵਾਲਾ, ਪਿਰਥਲਾ, ਲਲੋਦਾ, ਰੱਤਾਖੇੜਾ, ਡਾਂਗਰਾ, ਮਾਦੂਆਣਾ, ਅਮਾਨੀ, ਫਤਹਿਪੁਰੀ, ਪਾਰਤਾ, ਨਾਂਗਲਾ, ਨਾਂਗਲੀ, ਹਾਂਸੇਵਾਲਾ, ਕਮਾਲਵਾਲਾ, ਸਨਿਆਣਾ ਸਮੇਤ ਆਸ-ਪਾਸ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਇਲਾਕੇ ਵਿਚ ਮੌਸਮ ਦੇ ਅਨੁਕੂਲ ਰਹਿਣ ਕਾਰਨ ਅਤੇ ਇਸ ਇਲਾਕੇ ਵਿਚ ਗੜੇ ਪੈਣ ਤੋਂ ਬਚਾਅ ਰਹਿਣ ਕਾਰਨ ਕਿਸਾਨਾਂ ਨੂੰ ਕਣਕ ਦੀ ਵਧੀਆ ਪੈਦਾਵਾਰ ਹੋਣ ਦੀ ਉਮੀਦ ਹੈ | ਖੇਤਾਂ ਵਿਚ ਕਟਾਈ ਲਈ ਕਈ ਜਗ੍ਹਾ ਕੰਬਾਈਨਾਂ ਅਤੇ ਕਈ ਜਗ੍ਹਾ ਖੇਤਾਂ ਵਿਚ ਵਾਢੀ ਕਰਨ ਮਜ਼ਦੂਰ ਲੱਗੇ ਹੋਏ ਹਨ ਅਤੇ ਕਿਸਾਨ ਆਪਣੀ ਫ਼ਸਲ ਜਲਦੀ ਤੋਂ ਜਲਦੀ ਮੰਡੀ ਤੱਕ ਪਹੁੰਚਾਉਣ ਵਿਚ ਜੁਟੇ ਹੋਏ ਹਨ | ਦੂਜੇ ਪਾਸੇ ਕਿਸਾਨਾਂ ਨੂੰ ਫ਼ਸਲ ਮੰਡੀ ਵਿਚ ਲਿਜਾਣ ਦੌਰਾਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਆਵਾਜਾਈ ਦੀ ਕਮੀ, ਮੰਡੀ ਵਿਚ ਢਾਂਚਾਗਤ ਸੁਵਿਧਾਵਾਂ ਦੀ ਘਾਟ ਅਤੇ ਖ਼ਰੀਦ ਪ੍ਰਕਿਰਿਆ ਵਿਚ ਦੇਰੀ ਹੋਣ ਕਾਰਨ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ | ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਮੇਂ 'ਤੇ ਖ਼ਰੀਦ ਅਤੇ ਢੁਕਵੇਂ ਪ੍ਰਬੰਧ ਹੋ ਜਾਣ ਤਾਂ ਉਹ ਆਪਣੀ ਫ਼ਸਲ ਨੂੰ ਵਧੀਆ ਕੀਮਤ 'ਤੇ ਵੇਚ ਸਕਦੇ ਹਨ ਅਤੇ ਮਿਹਨਤ ਦਾ ਪੂਰਾ ਫਲ ਪ੍ਰਾਪਤ ਕਰ ਸਕਦੇ ਹਨ |