ਰਤੀਆ, 20 ਅਪ੍ਰੈਲ (ਬੇਅੰਤ ਕੌਰ ਮੰਡੇਰ)-ਰਤੀਆ ਉਪਮੰਡਲ ਦੇ ਪਿੰਡ ਲਾਂਬਾ ਵਿਖੇ ਹਰਿਆਣਾ ਰਾਜ ਸੂਚਨਾ ਕਮਿਸ਼ਨਰ ਕਰਮਵੀਰ ਸੈਣੀ ਦੇ ਆਉਣ 'ਤੇ ਵੱਖ-ਵੱਖ ਸੰਗਠਨਾਂ ਵਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ | ਲਾਂਬਾ ਪਿੰਡ 'ਚ ਚਹਿਲ ਨਿਵਾਸ 'ਤੇ ਉੱਘੇ ਸਮਾਜ ਸੇਵਕ ਅਤੇ ਐਨ.ਆਰ.ਆਈ. ਭੂਪੇਂਦਰ ਸਿੰਘ ਚਹਿਲ (ਰੁਬਨ) ਨੇ ਇਲਾਕੇ ਦੇ ਪਤਵੰਤਿਆਂ ਦੀ ਅਗਵਾਈ 'ਚ ਕਮਿਸ਼ਨਰ ਕਰਮਵੀਰ ਸੈਣੀ ਦਾ ਗੁਲਦਸਤੇ ਅਤੇ ਹਾਰਾਂ ਨਾਲ ਸਵਾਗਤ ਕੀਤਾ | ਲੋਕ ਚੇਤਨਾ ਮੰਚ ਹਰਿਆਣਾ ਦੇ ਚੇਅਰਮੈਨ ਡਾ. ਨਾਇਬ ਸਿੰਘ ਮੰਡੇਰ ਨੇ ਸਵਾਗਤ ਕਰਦਿਆਂ ਕਿਹਾ ਕਿ ਸਮਾਜ ਸੇਵਾ ਲਈ ਸਮਰਪਿਤ ਵਿਅਕਤੀਤਵ ਦੇ ਮਾਲਕ ਅਤੇ ਲੋਕਾਈ ਲਈ ਸਮਰਪਿਤ ਭਾਵਨਾ ਰੱਖਣ ਵਾਲੀ ਸ਼ਖ਼ਸੀਅਤ ਕਰਮਵੀਰ ਸੈਣੀ ਦੇਸ਼-ਵਿਦੇਸ਼ 'ਚ ਉੱਚੇ ਕਿਰਦਾਰ ਲਈ ਜਾਣੇ ਜਾਂਦੇ ਹਨ ਅਤੇ ਤੀਹ-ਪੈਂਤੀ ਸਾਲਾਂ ਤੋਂ ਜਨ ਪ੍ਰਤੀਨਿਧੀ ਵਜੋਂ ਮਹੱਤਵਪੂਰਨ ਸਮਾਜ ਸੇਵਾ ਕਰ ਰਹੇ ਹਨ | ਕੰਨਫੈਡ ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਸੇਵਾ ਵੀ ਪੂਰੇ ਹਰਿਆਣਾ 'ਚ ਸ਼ਲਾਘਾਯੋਗ ਹੈ ਅਤੇ ਹੁਣ ਰਾਜ ਸੂਚਨਾ ਕਮਿਸ਼ਨਰ ਵਜੋਂ ਮਹੱਤਵਪੂਰਨ ਸੇਵਾ ਹਰਿਆਣਾ ਨਿਵਾਸੀਆਂ ਲਈ ਲਾਹੇਵੰਦ ਹੈ | ਮੁੱਖ ਮਹਿਮਾਨ ਸ੍ਰੀ ਸੈਣੀ ਨੇ ਕਿਹਾ ਕਿ ਰਤੀਆ ਇਲਾਕੇ 'ਚ ਚਹਿਲ ਨਿਵਾਸ 'ਤੇ ਪਹਿਲਾਂ ਵੀ ਕਈ ਵਾਰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਕਿ ਰਤੀਆ ਇਲਾਕੇ ਦੇ ਲੋਕ ਮਿਲਣਸਾਰ ਅਤੇ ਸੁਚੇਤ ਹਨ | ਉਨ੍ਹਾਂ ਕਿਹਾ ਕਿ ਸਮਾਜ ਦੀ ਸੇਵਾ ਅਤੇ ਦੂਜਿਆਂ ਦੀ ਮਦਦ ਕਰਨਾ ਇੱਕ ਮਨੁੱਖੀ ਫ਼ਰਜ਼ ਹੈ, ਜਿਸ ਨੂੰ ਹਰ ਵਿਅਕਤੀ ਨੂੰ ਸਮਰਪਿਤ ਭਾਵਨਾ ਨਾਲ ਪੂਰਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਹਰਿਆਣਾ ਦੇ ਸੂਚਨਾ ਕਮਿਸ਼ਨਰ ਬਣੇ ਹਨ ਉਦੋਂ ਤੋਂ ਆਮ ਲੋਕਾਂ ਦੀ ਆਵਾਜ਼ ਅਨੁਸਾਰ ਆਰ.ਟੀ.ਆਈ. ਮਾਮਲਿਆਂ ਨੂੰ ਹੱਲ ਕਰਨ ਦਾ ਕੰਮ ਬਹੁਤ ਹੀ ਸਰਲ ਅਤੇ ਉੱਤਮਤਾ ਨਾਲ ਕੀਤਾ ਗਿਆ ਹੈ | ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਦਵਿੰਦਰ ਗਰੋਵਰ ਅਤੇ ਐਡਵੋਕੇਟ ਨਰਿੰਦਰ ਮਲਿਕ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਸੂਚਨਾ ਕਮਿਸ਼ਨ ਪੂਰੀ ਪਾਰਦਰਸ਼ਤਾ ਨਾਲ ਮਾਮਲਿਆਂ ਨੂੰ ਹੱਲ ਕਰਦਾ ਹੈ | ਉਨ੍ਹਾਂ ਆਰ.ਟੀ.ਆਈ. ਮਾਮਲਿਆਂ ਨਾਲ ਸਬੰਧਿਤ ਕੈਨੇਡਾ 'ਚ ਕਰਵਾਈ ਅੰਤਰਰਾਸ਼ਟਰੀ ਕਾਨਫ਼ਰੰਸ 'ਚ ਸ਼ਾਮਲ ਹੋ ਕੇ ਪ੍ਰਾਪਤ ਵੇਰਵੇ ਅਤੇ ਨਵੀਂ ਦਿਸ਼ਾ ਬਾਰੇ ਵੀ ਚਰਚਾ ਕੀਤੀ | ਸਨਮਾਨ ਸਮਾਰੋਹ 'ਚ ਚਹਿਲ ਪਰਿਵਾਰ ਲਾਂਬਾ, ਲੋਕ ਚੇਤਨਾ ਮੰਚ ਹਰਿਆਣਾ ਅਤੇ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਸ਼ਾਲ, ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਚਹਿਲ ਅਤੇ ਹਰਨਰਿੰਦਰ ਸਿੰਘ ਬਿੱਟਾ ਚਾਹਲ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸੈਣੀ ਪਰਿਵਾਰ ਨੂੰ ਸਮਾਜ ਸੇਵਾ ਦੇ ਪਹਿਰੇਦਾਰ ਵਜੋਂ ਵੇਖਦੇ ਆ ਰਹੇ ਹਨ | ਉਨ੍ਹਾਂ ਦਾ ਦੋਸਤਾਨਾ ਸੁਭਾਅ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ ਹੈ | ਇਸ ਮੌਕੇ ਛਿੰਦਰਪਾਲ ਸਿੰਘ ਚਹਿਲ, ਸਰਪੰਚ ਗੁਰਦੇਵ ਸਿੰਘ, ਕਿ੍ਸ਼ਨ ਚਿੱਤਰਕਾਰ, ਹੈਪੀ ਸਿੰਘ ਸੇਠੀ, ਬੂਟਾ ਸਿੰਘ ਚਹਿਲ, ਗੁਰਪ੍ਰੀਤ ਸਿੰਘ, ਗੁਰਸ਼ਰਨ ਸਿੰਘ ਚਹਿਲ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ, ਰਣਧੀਰ ਸਿੰਘ, ਐਡਵੋਕੇਟ ਦਵਿੰਦਰ ਗਰੋਵਰ, ਨਰਿੰਦਰ ਮਲਿਕ, ਨਿਸ਼ਾਨ ਜਿੰਦਲ, ਦੀਪਕ ਨਾਇਕ, ਰਵੀ ਮਲਿਕ, ਜਸਵਿੰਦਰ ਪਾਲ ਸ਼ਰਮਾ ਆਦਿ ਹਾਜ਼ਰ ਸਨ |