ਯਮੁਨਾਨਗਰ, 20 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਨੇ ਇਕ ਏ. ਆਈ. ਆਧਾਰਿਤ ਹੱਲ ਐਕਸਪੋ ਕਰਵਾਇਆ | ਇਸ ਪ੍ਰੋਗਰਾਮ 'ਚ ਇਨੋਵੇਸ਼ਨ ਅੰਬੈਸਡਰ ਮਮਤਾ ਥਾਪਰ ਤੇ ਖੁਸ਼ੀ ਮੁੱਖ ਬੁਲਾਰੇ ਸਨ, ਜਦਕਿ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਅਤੇ ਆਈ. ਆਈ. ਸੀ. ਕਨਵੀਨਰ ਵਿਵੇਕ ਨੇ ਸਾਂਝੇ ਤੌਰ 'ਤੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | ਇਸ ਮੌਕੇ ਇਕ ਏ. ਆਈ. ਆਧਾਰਿਤ ਪੀ. ਪੀ. ਟੀ. ਮੁਕਾਬਲਾ ਵੀ ਕਰਵਾਇਆ ਗਿਆ, ਜਿਸ 'ਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਦੌਰਾਨ ਮਮਤਾ ਥਾਪਰ ਨੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਅਤੇ ਇਸਦੇ ਵਿਵਹਾਰਕ ਉਪਯੋਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਏ. ਆਈ. ਅੱਜ ਸਿੱਖਿਆ, ਸਿਹਤ, ਉਦਯੋਗ ਅਤੇ ਰੋਜ਼ਾਨਾ ਜੀਵਨ ਦੇ ਕਈ ਖੇਤਰਾਂ ਵਿਚ ਕ੍ਰਾਂਤੀ ਲਿਆ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਨਵੀਨਤਾ ਵਿਚ ਅੱਗੇ ਵਧਣਾ ਚਾਹੀਦਾ ਹੈ | ਇਸ ਮੌਕੇ ਬੀ. ਸੀ. ਏ. ਦੇ ਅੰਤਿਮ ਸਾਲ ਦੀ ਵਿਦਿਆਰਥਣ ਖੁਸ਼ੀ ਨੇ ਪ੍ਰੋਟੋਟਾਈਪਾਂ ਤੇ ਉਨ੍ਹਾਂ ਨੂੰ ਡਿਜ਼ਾਈਨ ਕਰਨ ਦੇ ਤਰੀਕੇ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਦੱਸਿਆ ਕਿ ਪ੍ਰੋਟੋਟਾਈਪਾਂ ਨੂੰ ਚੈਟ ਜੀ. ਪੀ. ਟੀ., ਕਲਾਊਡ, ਐਮਰਜੈਂਟ, ਸੁਪਵੇਸ਼ ਅਤੇ ਹੋਰ ਬਹੁਤ ਸਾਰੇ ਏ. ਆਈ. ਟੂਲਸ ਦੀ ਵਰਤੋਂ ਕਰਕੇ ਡਿਜ਼ਾਈਨ ਕੀਤਾ ਜਾ ਸਕਦਾ ਹੈ | ਇਸ ਦੌਰਾਨ ਆਰਤੀ ਚੌਹਾਨ, ਸਿ੍ਸ਼ਟੀ, ਤਨੂ, ਤਾਨਿਆ, ਨੇਹਾ, ਸੁਨੈਨਾ, ਵੰਸ਼ਿਕਾ ਅਤੇ ਮੁਸਕਾਨ ਨੇ ਵੀ ਪ੍ਰੋਟੋਟਾਈਪ ਦੀ ਪੇਸ਼ਕਾਰੀ ਦਿੱਤੀ | ਇਸ ਦੌਰਾਨ ਵਿਦਿਆਰਥੀਆਂ ਨੇ ਐਕਸਪੋ ਵਿਚ ਵੱਖ-ਵੱਖ ਏ. ਆਈ. ਆਧਾਰਿਤ ਪ੍ਰਾਜੈਕਟ ਅਤੇ ਮਾਡਲ ਪੇਸ਼ ਕੀਤੇ, ਜਿਨ੍ਹਾਂ ਦੀ ਦਰਸ਼ਕਾਂ ਅਤੇ ਫੈਕਲਟੀ ਵਲੋਂ ਪ੍ਰਸ਼ੰਸਾ ਕੀਤੀ ਗਈ | ਅੰਤ ਵਿਚ ਕਾਰਜਕਾਰੀ ਪਿ੍ੰਸੀਪਲ ਨੇ ਸਾਰੇ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ ਅਤੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿਚ ਅਜਿਹੇ ਸਮਾਗਮਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਦੀ ਅਪੀਲ ਕੀਤੀ |