ਨਰਾਇਣਗੜ੍ਹ, 20 ਅਪ੍ਰੈਲ (ਪੀ. ਸਿੰਘ)-ਸੰਸਦ ਮੈਂਬਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਵਲੋਂ ਅੱਜ ਨਾਰਾਇਣਗੜ੍ਹ ਦੀ ਨਵੀਂ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਕਮਿਸ਼ਨ ਏਜੰਟਾਂ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ | ਇਸ ਤੋਂ ਬਾਅਦ ਕਾਂਗਰਸੀ ਨੇਤਾ ਠਾਠ ਸਿੰਘ ਕੁਰਾਲੀ ਅਤੇ ਹੋਰ ਸਮਰਥਕਾਂ ਨੇ ਸੁਰਜੇਵਾਲਾ ਦਾ ਨਿੱਘਾ ਸਵਾਗਤ ਕੀਤਾ ਅਤੇ ਠਾਠ ਸਿੰਘ ਦੇ ਦਫ਼ਤਰ ਵਿਖੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਹਰਿਆਣਾ ਦੇ ਕਿਸਾਨ ਬਰਬਾਦੀ ਦੇ ਕੰਢੇ 'ਤੇ ਹਨ, ਕਿਉਂਕਿ ਉਨ੍ਹਾਂ ਵਲੋਂ ਬੱਚਿਆਂ ਵਾਂਗ ਬੀਜੀ ਕਣਕ ਦੀ ਫ਼ਸਲ ਹੁਣ ਮੰਡੀਆਂ ਵਿਚ ਬਰਬਾਦ ਹੋ ਰਹੀ ਹੈ | ਉਹ ਭਾਜਪਾ ਸਰਕਾਰ ਦੇ ਮਾੜੇ ਇਰਾਦਿਆਂ ਅਤੇ ਕੁਪ੍ਰਬੰਧਨ ਦਾ ਸ਼ਿਕਾਰ ਹੋ ਰਹੇ ਹਨ | ਸੁਰਜੇਵਾਲਾ ਨੇ ਕਿਹਾ ਕਿ ਅੱਜ ਅਨਾਜ ਮੰਡੀਆਂ ਵਿਚ ਲਗਭਗ 28 ਲੱਖ ਕੁਇੰਟਲ ਕਣਕ ਪਈ ਹੈ ਅਤੇ ਭਾਜਪਾ ਸਰਕਾਰ ਕਣਕ ਦੀ ਖਰੀਦ ਅਤੇ ਲਿਫਟਿੰਗ ਦੋਵਾਂ ਵਿਚ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਸਰਵਰ ਡਾਊਨ ਹਨ, ਪੋਰਟਲ ਖ਼ਰਾਬ ਹਨ ਅਤੇ ਅੰਗੂਠੇ ਦੇ ਨਿਸ਼ਾਨ ਮੇਲ ਨਹੀਂ ਖਾ ਰਹੇ ਹਨ, ਫ਼ਸਲ ਦੀ ਕੋਈ ਖਰੀਦ ਨਹੀਂ, ਬੋਰੀਆਂ ਨਹੀਂ, ਲਿਫਟਿੰਗ ਨਹੀਂ ਅਤੇ ਫਸਲਾਂ ਦੀ ਵਿਕਰੀ ਲਈ ਭੁਗਤਾਨ ਨਹੀਂ ਹੈ | ਹਰਿਆਣਾ ਦੇ ਕਮਿਸ਼ਨ ਏਜੰਟ, ਮੰਡੀ ਮਜ਼ਦੂਰ ਅਤੇ ਕਿਸਾਨ ਸਾਰੇ ਦੁੱਖ ਝੱਲ ਰਹੇ ਹਨ | ਬਾਰਦਾਨਾਂ ਸਮੇਂ ਸਿਰ ਮੁਹਈਆ ਨਹੀਂ ਕਰਵਾਇਆ ਗਿਆ | ਕਿਸਾਨਾਂ ਦੀਆਂ ਫਸਲਾਂ 14 ਦਿਨਾਂ ਤੱਕ ਮੰਡੀਆਂ ਅਤੇ ਖੇਤਾਂ ਵਿਚ ਪਈਆਂ ਰਹੀਆਂ | ਸੁਰਜੇਵਾਲਾ ਨੇ ਕਿਹਾ ਕਿ ਫਸਲਾਂ ਬੇਮੌਸਮੀ ਬਾਰਿਸ਼, ਗੜ੍ਹੇਮਾਰੀ ਅਤੇ ਤੂਫਾਨ ਨਾਲ ਨੁਕਸਾਨੀਆਂ ਗਈਆਂ, ਜਦਕਿ ਭਾਜਪਾ ਸਰਕਾਰ ਨੇ ਕੋਈ ਸੁੱਧ ਨਹੀਂ ਲਈ | ਇਸ ਮੌਕੇ ਸਾਬਕਾ ਵਿਧਾਇਕ ਜਸਬੀਰ ਮਲੋਰ, ਸੀਨੀਅਰ ਕਾਂਗਰਸੀ ਨੇਤਾ ਐਡਵੋਕੇਟ ਵਿਜੇ ਬਾਂਸਲ, ਬਲਾਕ ਕਮੇਟੀ ਚੇਅਰਮੈਨ ਨੀਰਜ ਅਤੇ ਹੋਰ ਵਰਕਰ ਮੌਜੂਦ ਸਨ |