ਜਲੰਧਰ, 23 ਅਪ੍ਰੈਲ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ, ਨਵੀਂ ਦਾਣਾ ਮੰਡੀ, ਗੋਪਾਲ ਨਗਰ ਤੋਂ 25 ਅਪ੍ਰੈਲ ਦਿਨ ਸਨਿਚਰਵਾਰ ਸ਼ਾਮ ਦੇ 5 ਵਜੇ ਕੱਢੀ ਜਾ ਰਹੀ ਸ਼ਬਦ ਚੌਂਕੀ ਦੇ ਮਾਰਗ 'ਚ ਸੰਗਤ ਦੇ ਸਵਾਗਤ ਲਈ ਪ੍ਰਬੰਧਕਾਂ ਨੇ ਗੁਰਮੁੱਖ ਪਰਿਵਾਰਾਂ ਅਤੇ ਸੰਸਥਾਵਾਂ ਨਾਲ ਸੰਪਰਕ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ, ਰਜਿੰਦਰ ਪਾਲ ਸਿੰਘ, ਅਮਰਜੀਤ ਸਿੰਘ (ਗੁਰਦੇਵ ਨਗਰ), ਹਰਜਿੰਦਰ ਸਿੰਘ ਪਰੂਥੀ, ਹਰਮਨਜੋਤ ਸਿੰਘ ਬਠਲਾ, ਜਾਪਨੂਰ ਸਿੰਘ ਅਤੇ ਤਜਿੰਦਰ ਸਿੰਘ ਪ੍ਰਦੇਸੀ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਸ਼ਬਦ ਚੌਕੀ ਕੱਢੀ ਜਾਣੀ ਹੈ | ਇਸ ਸ਼ਬਦ ਚੌਂਕੀ ਨਾਲ ਚੱਲਣ ਵਾਲੀ ਸੰਗਤ ਦੇ ਸਵਾਗਤ ਲਈ ਉਨ੍ਹਾਂ ਵਲੋਂ ਰਸਤੇ 'ਤੇ ਪੈਂਦੇ ਵਪਾਰਕ ਅਦਾਰੇ, ਗੁਰੂ ਘਰਾਂ ਅਤੇ ਸੰਸਥਾਵਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਗਤ 'ਚ ਸ਼ਬਦ ਚੌਂਕੀ ਦਾ ਸਵਾਗਤ ਕਰਨ ਲਈ ਬੁਹਤ ਉਤਸ਼ਾਹ ਦੇਖਿਆ ਗਿਆ, ਸੰਗਤ ਵਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਅਤੇ ਫੁੱਲਾਂ ਦੀ ਵਰਖਾ ਕਰਨ ਦੇ ਪ੍ਰਬੰਧਕ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਹ ਸ਼ਬਦ ਚੌਂਕੀ ਗੁਰੂ ਘਰ ਤੋਂ ਗੁਰਦੇਵ ਨਗਰ, ਪਰਭਾਤ ਨਗਰ, ਗਾਜੀ ਗੁੱਲਾ, ਮੁਹੱਲਾ ਕਰਾਰ ਖ਼ਾਂ, ਗੁਰਦੁਆਰਾ ਸਾਹਿਬ ਗੋਪਾਲ ਨਗਰ, ਗੁਰਚਰਨ ਸਿੰਘ ਚੱਕੀ ਵਾਲੇ, ਫੁੱਲਾਂ ਵਾਲੀ ਮਾਰਕੀਟ, ਗੁਰਦੁਆਰਾ ਸੰਤ ਧਾਮ, ਖ਼ਾਲਸਾ ਡੇਅਰੀ, ਜਸਪਾਲ ਮੰਨਾ ਆਟਾ ਚੱਕੀ ਤੋਂ ਹੁੰਦਾ ਹੋਇਆ ਵਾਪਿਸ ਗੁਰੂ ਘਰ ਆ ਕੇ ਸਮਾਪਿਤ ਹੋਵੇਗੀ |