ਟੋਹਾਣਾ, 25 ਅਪ੍ਰੈਲ (ਮਨਜੀਤ ਸਿੰਘ) - ਜ਼ਿਲ੍ਹਾ ਨਗਰ ਯੋਜਨਾ (ਡੀਟੀਪੀ) ਵਿਭਾਗ ਵੱਲੋਂ ਨਾਜਾਇਜ਼ ਕਬਜ਼ਿਆਂ ਅਤੇ ਗ਼ੈਰ-ਕਾਨੰੂਨੀ ਉਸਾਰੀਆਂ ਵਿਰੁੱਧ ਸਖ਼ਤ ਮੁਹਿੰਮ ਜਾਰੀ ਹੈ | ਇਸ ਤਹਿਤ ਅੱਜ ਟੋਹਾਣਾ ਸ਼ਹਿਰ ਦੇ ਸਿੰਬਲ ਰੋਡ 'ਤੇ ਲਗਾਤਾਰ ਚੱਲ ਰਹੀਆਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕੀਤੀ ਗਈ | ਇਸ ਦੌਰਾਨ ਡੀਟੀਪੀ ਰਾਜ ਕਿ੍ਤੀ ਦੀ ਅਗਵਾਈ ਹੇਠ ਟੀਮ ਨੇ ਪੁਲਿਸ ਬਲ ਦੀ ਮੌਜੂਦਗੀ ਵਿੱਚ ਜੇਸੀਬੀ ਮਸ਼ੀਨ ਰਾਹੀਂ ਗ਼ੈਰ-ਕਾਨੰੂਨੀ ਨਿਰਮਾਣ ਢਾਹ ਦਿੱਤੇ | ਕਾਰਵਾਈ ਵਿੱਚ ਜੇਈ ਸੰਦੀਪ ਕੁਮਾਰ, ਫੀਲਡ ਅਫ਼ਸਰ ਪੁਸ਼ਪਾ ਰਾਣੀ, ਜੇਈ ਅੰਕਿਤ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ | ਅਧਿਕਾਰੀਆਂ ਨੇ ਦੱਸਿਆ ਕਿ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਹੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ | ਜੇ.ਈ. ਸੰਦੀਪ ਕੁਮਾਰ ਨੇ ਕਿਹਾ ਕਿ ਇੱਥੇ ਇੱਕ ਗੈਰ-ਮਾਨਤਾ ਪ੍ਰਾਪਤ ਕਲੋਨੀ ਵਿਕਸਿਤ ਕੀਤੀ ਜਾ ਰਹੀ ਸੀ, ਜਿਸ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿੱਚ ਜਿੱਥੇ ਵੀ ਨਾਜਾਇਜ਼ ਕਲੋਨੀਆਂ ਬਣ ਰਹੀਆਂ ਹਨ ਉੱਥੇ ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾਵੇਗੀ | ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪਲਾਟ ਖ਼ਰੀਦਣ ਤੋਂ ਪਹਿਲਾਂ ਪੂਰੀ ਜਾਂਚ-ਪੜਤਾਲ ਕਰ ਲੈਣ, ਤਾਂ ਜੋ ਉਹ ਆਪਣੀ ਮਿਹਨਤ ਦੀ ਕਮਾਈ ਗੈਰ-ਮਾਨਤਾ ਪ੍ਰਾਪਤ ਕਲੋਨੀਆਂ 'ਚ ਖ਼ਰਚਣ ਤੋਂ ਬਚ ਸਕਣ | ਡੀਟੀਪੀ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਕਾਰ ਵੱਲੋਂ ਕਈ ਕਲੋਨੀਆਂ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ ਅਤੇ ਲੋਕਾਂ ਨੂੰ ਸਿਰਫ਼ ਮਾਨਤਾ ਪ੍ਰਾਪਤ ਥਾਵਾਂ 'ਤੇ ਹੀ ਨਿਵੇਸ਼ ਕਰਨਾ ਚਾਹੀਦਾ ਹੈ |