ਨਵੀਂ ਦਿੱਲੀ, 25 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਗਰਮੀ ਦੇ ਮੌਸਮ ਵਿਚ ਯਾਤਰੀਆਂ ਦੀ ਸਹੂਲਤ ਲਈ ਉੱਤਰ ਪ੍ਰਦੇਸ਼ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ ਅਤੇ ਨਾਲ ਹੀ ਹੋਰ ਜ਼ਿਆਦਾ ਸੀਟਾਂ ਦੀ ਵੀ ਵਿਵਸਥਾ ਕੀਤੀ ਜਾਵੇਗੀ | ਇਸ ਤੋਂ ਇਲਾਵਾ ਜੇਕਰ ਹੋਰ ਗੱਡੀਆਂ ਚਲਾਉਣੀਆਂ ਪਈਆਂ ਤਾਂ ਉਹ ਵੀ ਚਲਾ ਦਿੱਤੀਆਂ ਜਾਣਗੀਆਂ | ਉੱਤਰ ਰੇਲਵੇ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ ਗਰਮੀ ਦੇ ਇਸ ਮੌਸਮ ਵਿਚ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਹਨ ਤਾਂ ਕਿ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ | ਅਕਸਰ ਵੇਖਿਆ ਗਿਆ ਹੈ ਕਿ ਇਨ੍ਹਾਂ ਦਿਨਾਂ ਵਿਚ ਲੋਕ ਦਿੱਲੀ ਤੋਂ ਆਪਣੇ ਘਰਾਂ ਨੂੰ ਜਾਂਦੇ ਹਨ ਅਤੇ ਥੋੜ੍ਹੇ ਦਿਨ ਬਤੀਤ ਕਰਕੇ ਵਾਪਸ ਦਿੱਲੀ ਆਉਂਦੇ ਹਨ, ਜਿਸ ਕਰਕੇ ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਧਣ ਕਰਕੇ ਰੇਲ ਗੱਡੀਆਂ ਵਿਚ ਭੀੜ-ਭੜੱਕਾ ਹੁੰਦਾ ਹੈ | ਇਸ ਤੋਂ ਇਲਾਵਾ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਰੇਲਵੇ ਦੇ ਕਿਸ ਰੂਟ 'ਤੇ ਜ਼ਿਆਦਾ ਭੀੜ ਹੈ, ਉਸ ਰੂਟ 'ਤੇ ਵੱਧ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਹਨ, ਜਿਸ ਪ੍ਰਤੀ ਲੋਕਾਂ ਦੀ ਮੰਗ ਵੀ ਹੁੰਦੀ ਹੈ | ਰੇਲਵੇ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ਸਭ ਤੋਂ ਜ਼ਿਆਦਾ ਮੰਗ ਬਿਹਾਰ ਤੇ ਯੂ.ਪੀ. ਲਈ ਰੇਲ ਗੱਡੀਆਂ ਦੀ ਹੈ | ਇਸ ਤੋਂ ਇਲਾਵਾ ਮਾਤਾ ਵੈਸ਼ਨੂੰ ਦੇਵੀ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੀ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ |