ਨਵੀਂ ਦਿੱਲੀ, 25 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਕਿ ਫ਼ਰਾਰ ਸਨ | ਇਨ੍ਹਾਂ ਤਿੰਨਾਂ ਦੋਸ਼ੀਆਂ ਨੇ ਦਿੱਲੀ ਦੇ ਜਹਾਂਗੀਰਪੁਰੀ ਦੇ ਐਚ-2 ਬਲਾਕ ਦੇ ਰਾਮਲੀਲ੍ਹਾ ਗਰਾਊਾਡ ਵਿਚ ਇਕ 17 ਸਾਲ ਦੇ ਲੜਕੇ ਨੂੰ ਇੰਨੇ ਚਾਕੂ ਮਾਰੇ ਜਦ ਤੱਕ ਉਸ ਦੀ ਮੌਤ ਨਹੀਂ ਹੋ ਗਈ | ਹਾਲਾਂਕਿ ਉਸ ਦਾ ਭਰਾ ਅਰਮਾਨ ਉਸਨੂੰ ਹਸਪਤਾਲ ਲੈ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਨਾਂਅ ਦਿਲਸ਼ਾਦ (29), ਇਰਫਾਨ (22) ਅਤੇ ਸ਼ੇਖ ਇਸ਼ਾਕ (52) ਹਨ | ਇਹ ਤਿੰਨੇ ਦੋਸ਼ੀ ਜਹਾਂਗੀਰਪੁਰੀ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਇਹ ਲੜਕੇ ਨੂੰ ਮਾਰ ਕੇ ਮੌਕੇ ਤੋਂ ਹੀ ਫ਼ਰਾਰ ਹੋ ਗਏ ਸਨ | ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਅਤੇ ਇਸ ਵਿਚ ਖ਼ੁਫੀਆ ਜਾਣਕਾਰੀ, ਤਕਨੀਕੀ ਵਿਸ਼ਲੇਸ਼ਣ ਅਤੇ ਆਸਪਾਸ ਦੇ ਲੋਕਾਂ ਤੋਂ ਪੁੱਛ-ਪੜਤਾਲ ਕੀਤੀ | ਪੁਲਿਸ ਟੀਮ ਨੇ ਗਾਜ਼ੀਆਬਾਦ, ਲੋਨੀ ਅਤੇ ਅੰਡਰਪਾਸ ਸਭਾਪੁਰ ਤੋਂ ਇਨ੍ਹਾਂ ਦੋਸ਼ੀਆਂ ਨੂੰ ਟਰੈਕ ਕੀਤਾ ਅਤੇ ਨਾਲ ਹੀ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਇਨ੍ਹਾਂ ਤਿੰਨੇ ਦੋਸ਼ੀਆਂ ਤੋਂ ਜਦੋਂ ਸਖ਼ਤਾਈ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਮਿ੍ਤਕ ਅਤੇ ਉਸਦੇ ਭਰਾ ਹਕੀਮ ਅਲੀ ਨਾਲ ਪਹਿਲਾਂ ਹੀ ਉਨ੍ਹਾਂ ਦੀ ਦੁਸ਼ਮਣੀ ਚਲੀ ਆ ਰਹੀ ਸੀ, ਜਿਸ ਕਰ ਕੇ ਉਨ੍ਹਾਂ ਨੇ ਚਾਕੂ ਖਰੀਦਿਆ ਅਤੇ ਮੌਕਾ ਦੇਖ ਕੇ ਦੋਸ਼ੀਆਂ ਨੇ ਮਿ੍ਤਕ 'ਤੇ ਹਮਲਾ ਬੋਲ ਦਿੱਤਾ ਅਤੇ ਉਸ ਨੂੰ ਤਿੰਨਾਂ ਨੇ ਹੇਠਾਂ ਸੁੱਟ ਕੇ ਚਾਕੂ ਦੇ ਕਈ ਵਾਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ |