ਨਵੀਂ ਦਿੱਲੀ, 28 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਘਰੇਲੂ ਗੈਸ ਦੀ ਦਿੱਕਤ ਪਹਿਲਾਂ ਨਾਲੋਂ ਥੋੜ੍ਹੀ ਸੁਧਰੀ ਹੈ ਪ੍ਰੰਤੂ ਗ਼ਰੀਬ ਤਬਕੇ ਦੇ ਲੋਕ ਜੋ ਦਿੱਲੀ ਵਿਚ ਮਜ਼ਦੂਰੀ ਅਤੇ ਹੋਰ ਕੋਈ ਛੋਟਾ-ਮੋਟਾ ਧੰਦਾ ਕਰ ਰਹੇ ਹਨ, ਨੂੰ ਗੈਸ ਸਿਲੰਡਰ ਲੈਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ | ਇਹ ਲੋਕ ਮਜਬੂਰੀ ਦੇ ਹੁੰਦੇ ਹੋਏ ਛੋਟਾ ਸਿਲੰਡਰ ਬਲੈਕ ਵਿਚ ਲੈ ਕੇ ਗੁਜ਼ਾਰਾ ਕਰ ਰਹੇ ਹਨ | ਪਿਛਲੇ ਦਿਨੀਂ ਕਾਫ਼ੀ ਲੋਕ ਦਿੱਲੀ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ ਅਤੇ ਇਨ੍ਹਾਂ ਦਿਨਾਂ ਵਿਚ ਵੀ ਵੱਖ-ਵੱਖ ਇਲਾਕਿਆਂ ਵਿਚੋਂ ਲੋਕ ਆਪਣੇ ਘਰਾਂ ਨੂੰ ਜਾ ਰਹੇ ਹਨ | ਇਨ੍ਹਾਂ ਨੂੰ ਇਕ ਤਾਂ ਗੈਸ ਸਿਲੰਡਰ ਦੀ ਸਮੱਸਿਆ ਅਤੇ ਦੂਸਰਾ ਗਰਮੀ, ਤਪਸ਼ ਤੇ ਲੂ ਦੀ ਪੈ ਰਹੀ ਮਾਰ ਇਨ੍ਹਾਂ ਨੂੰ ਦਿੱਲੀ ਛੱਡਣ ਲਈ ਮਜਬੂਰ ਕਰ ਰਹੀ ਹੈ | ਇਨ੍ਹਾਂ ਦਿਨਾਂ ਵਿਚ ਮਜ਼ਦੂਰ ਲੋਕਾਂ ਨੂੰ ਕੰਮ ਵੀ ਨਹੀਂ ਮਿਲ ਰਿਹਾ, ਜਿਸ ਕਰਕੇ ਇਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ | ਪਿਛਲੇ 2-3 ਦਿਨ ਪਹਿਲਾਂ ਘਰੇਲੂ ਗੈਸ ਦੇ 51.8 ਲੱਖ ਦੇ ਕਰੀਬ ਘਰੇਲੂ ਐਲ.ਪੀ.ਜੀ. ਵਧੀਕ ਸਿਲੰਡਰ ਵੰਡੇ ਗਏ ਹਨ | ਪੈਟਰੋਲੀਅਮ ਅਤੇ ਪ੍ਰਾਕ੍ਰਿਤਕ ਗੈਸ ਮੰਤਰਾਲਿਆ ਦਾ ਕਹਿਣਾ ਹੈ ਕਿ ਕਿਸੇ ਵੀ ਗੈਸ ਵਿਤਰਣ ਕੇਂਦਰ 'ਤੇ ਗੈਸ ਦੀ ਕੋਈ ਕਮੀ ਨਹੀਂ ਹੈ | ਇਨ੍ਹਾਂ ਦਿਨਾਂ ਵਿਚ ਆਨਲਾਈਨ ਘਰੇਲੂ ਐਲ.ਪੀ.ਜੀ. ਸਿਲੰਡਰ ਬੁਕਿੰਗ 98 ਫ਼ੀਸਦੀ ਤੱਕ ਵਧ ਗਈ ਹੈ | ਇਸ ਤੋਂ ਇਲਾਵਾ ਸਰਕਾਰ ਉਨ੍ਹਾਂ ਲੋਕਾਂ ਵਿਰੁੱਧ ਵੀ ਕਾਰਵਾਈ ਕਰ ਰਹੀ ਹੈ ਜੋ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰ ਰਹੇ ਹਨ | ਪਿਛਲੇ ਦਿਨੀਂ ਕਈ ਥਾਵਾਂ 'ਤੇ ਛਾਪੇ ਵੀ ਮਾਰੇ ਗਏ ਹਨ | ਜੋ ਲੋਕ ਕਾਲਾਬਾਜ਼ਾਰੀ ਕਰਦੇ ਫੜੇ ਹਨ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ |