ਯਮੁਨਾਨਗਰ, 3 ਮਈ (ਗੁਰਦਿਆਲ ਸਿੰਘ ਨਿਮਰ)-ਅੱਜ ਸੰਤ ਨਿਰੰਕਾਰੀ ਭਵਨ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 196 ਨਿਰੰਕਾਰੀ ਸ਼ਰਧਾਲੂਆਂ ਵਲੋਂ ਖੂਨਦਾਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ | ਉਨ੍ਹਾਂ ਦੇ ਨਾਲ ਸ਼ਾਹਬਾਦ ਤੋਂ ਜ਼ੋਨਲ ਇੰਚਾਰਜ ਸੁਰਿੰਦਰ ਪਾਲ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਇਸ ਮੌਕੇ ਡੀ. ਸੀ. ਨੇ ਖੂਨਦਾਨੀਆਂ ਦੇ ਬੈਜ ਲਗਾ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ | ਉਨ੍ਹਾਂ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ ਅਤੇ ਇਸ ਦਾ ਕੋਈ ਬਦਲ ਨਹੀਂ ਹੈ | ਉਨ੍ਹਾਂ ਨੇ ਨਿਰੰਕਾਰੀ ਮਿਸ਼ਨ ਦੁਆਰਾ ਸਮੇਂ-ਸਮੇਂ 'ਤੇ ਲਗਾਏ ਜਾਂਦੇ ਖੂਨਦਾਨ ਕੈਂਪਾਂ ਅਤੇ ਹੋਰਨਾਂ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਵੀ ਕੀਤੀ | ਇਸੇ ਦੌਰਾਨ ਡਾ. ਚਾਰੂ ਕਾਲੜਾ ਨੇ ਸਰਕਾਰ ਦੀ ਐਚ. ਪੀ. ਵੀ. ਟੀਕਾਕਰਨ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦਿਆਂ ਦੱਸਿਆ ਕਿ ਸਰਵਾਈਕਲ ਕੈਂਸਰ ਔਰਤਾਂ ਨੂੰ ਹੋਣ ਵਾਲੀਆਂ ਸਭ ਤੋਂ ਗੰਭੀਰ ਬਿਮਾਰੀਆਂ 'ਚੋਂ ਇਕ ਹੈ ਅਤੇ ਇਸ ਨੂੰ ਸਮੇਂ ਸਿਰ ਟੀਕਾਕਰਨ ਅਤੇ ਨਿਯਮਿਤ ਜਾਂਚ ਰਾਹੀ ਰੋਕਿਆ ਜਾ ਸਕਦਾ ਹੈ | ਇਸੇ ਦੌਰਾਨ ਕੋਆਰਡੀਨੇਟਰ ਮਹਾਤਮਾ ਬਲਦੇਵ ਸਿੰਘ ਨੇ ਦੱਸਿਆ ਕਿ ਬਾਬਾ ਹਰਦੇਵ ਸਿੰਘ ਨੇ 'ਖੂਨ ਨਾੜੀਆਂ 'ਚ ਵਹਿਣਾ ਚਾਹੀਦਾ ਹੈ, ਨਾਲੀਆਂ 'ਚ ਨਹੀਂ' ਦਾ ਸੰਦੇਸ਼ ਦੇ ਕੇ ਸੇਵਾ ਨੂੰ ਜੀਵਨ ਦਾ ਜ਼ਰੂਰੀ ਹਿੱਸਾ ਬਣਾਇਆ ਸੀ ਅਤੇ ਇਸ ਸੰਦੇਸ਼ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਅੱਗੇ ਫੈਲਾ ਰਹ ਹਨ | ਉਨ੍ਹਾਂ ਦੱਸਿਆ ਕਿ ਹਰ ਸਾਲ 24 ਅਪ੍ਰੈਲ ਨੂੰ ਬਾਬਾ ਗੁਰਬਚਨ ਸਿੰਘ ਦੀ ਪਵਿੱਤਰ ਯਾਦ 'ਚ ਮਨੁੱਖੀ ਏਕਤਾ ਦਿਵਸ ਮਨਾਉਣ ਲਈ ਖੂਨਦਾਨ ਕੈਂਪ ਲਗਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸਾਲ 24 ਅਪ੍ਰੈਲ ਨੂੰ ਲਗਭਗ 200 ਥਾਵਾਂ 'ਤੇ ਖੂਨਦਾਨ ਕੈਂਪ ਲਗਾਏ ਗਏ ਸਨ, ਜਿਨ੍ਹਾਂ ਦੌਰਾਨ ਕਰੀਬ 40,000 ਯੂਨਿਟ ਖੂਨ ਇਕੱਤਰ ਕੀਤਾ ਗਿਆ ਸੀ | ਇਸ ਮੌਕੇ ਡੀ. ਪੀ. ਆਰ. ਓ ਡਾ: ਮਨੋਜ ਕੁਮਾਰ, ਰੈੱਡ ਕਰਾਸ ਕਮੇਟੀ ਦੇ ਸਕੱਤਰ ਸੰਜੀਵ ਧੀਮਾਨ ਸਮੇਤ ਹੋਰ ਪਤਵੰਤੇ ਅਤੇ ਸ਼ਰਧਾਲੂ ਵੀ ਹਾਜ਼ਰ ਸਨ |