ਨਵੀਂ ਦਿੱਲੀ, 3 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪੰਜਾਬੀ ਮੰਚ (ਯੂ. ਟੇਲੈਂਟ) ਵਲੋਂ ਇਕ ਪ੍ਰੋਗਰਾਮ ਕੀਤਾ ਗਿਆ ਜਿਸ ਦਾ ਉਦੇਸ਼ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਨਿਕਾਸ ਕਰਨਾ ਸੀ | ਇਸ ਦੇ ਨਾਲ ਹੀ ਲੋਕਾਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਗਿਆ | ਮੰਚ ਦੇ ਪ੍ਰਧਾਨ ਪਰਮਜੀਤ ਸਿੰਘ ਮਰਵਾਹ ਨੇ ਇਸ ਮੌਕੇ ਬੋਲਦਿਆਂ ਕਿ ਇਸ ਪ੍ਰੋਗਰਾਮ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਉਹ ਆਪਣੇ ਘਰਾਂ ਵਿਚ ਪੰਜਾਬੀ ਬੋਲਣ ਦੇ ਨਾਲ ਲਿਖਤ ਪੜ੍ਹਤ ਵੀ ਕਰਨ | ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਸਿੱਖ ਪਰਿਵਾਰਾਂ ਦੇ ਬੱਚੇ ਵੀ ਪੰਜਾਬੀ ਬੋਲਣ ਦੀ ਥਾਂ ਹਿੰਦੀ ਬੋਲਦੇ ਹਨ ਜਦਕਿ ਉਨ੍ਹਾਂ ਦੇ ਮਾਪੇ ਪੰਜਾਬੀ ਹਨ | ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਸਥਿਤੀ ਨੂੰ ਠੀਕ ਢੰਗ ਨਾਲ ਨਹੀਂ ਸਮਝਿਆ ਤਾਂ ਆਉਣ ਵਾਲੇ ਸਮੇਂ ਵਿਚ ਕੀ ਹਾਲ ਹੋਵੇਗਾ | ਇਸ ਮੌਕੇ ਪੰਜਾਬੀ ਭਾਸ਼ਾ ਉੱਨਤੀ ਪ੍ਰਤੀ ਸਹਿਯੋਗ ਦੇਣ ਵਾਲਿਆਂ ਨੂੰ ਮੰਚ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨੌਜਵਾਨਾਂ ਨੇ ਗੀਤ ਪੇਸ਼ ਕਰਕੇ ਆਪਣੀ ਪ੍ਰਤਿਭਾ ਵਿਖਾਈ | ਪ੍ਰੋਗਰਾਮ ਦੇ ਅਖੀਰ ਵਿਚ ਪਰਮਜੀਤ ਸਿੰਘ ਮਰਵਾਹ ਨੇ ਪ੍ਰੋਗਰਾਮ ਵਿਚ ਆਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਮੇਂ-ਸਮੇਂ 'ਤੇ ਅਜਿਹੇ ਪ੍ਰੋਗਰਾਮ ਕੀਤੇ ਜਾਣ |