ਯਮੁਨਾਨਗਰ, 5 ਮਈ (ਗੁਰਦਿਆਲ ਸਿੰਘ ਨਿਮਰ)-ਪੁਲਿਸ ਚੌਕੀ ਹਮੀਦਾ ਦੀ ਪੁਲਿਸ ਟੀਮ ਨੇ ਪੁਰਾਣਾ ਹਮੀਦਾ ਵਿਚ ਮਹਿੰਦੀ ਹਸਨ ਦੇ ਚਾਚੇ ਨੂੰ ਉਸ ਦਾ ਕਤਲ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਚੌਕੀ ਹਮੀਦਾ ਦੀ ਪੁਲਿਸ ਟੀਮ ਨੇ ਪੁਰਾਣਾ ਹਮੀਦਾ ਵਿਚ 42 ਸਾਲਾ ਮਹਿੰਦੀ ਹਸਨ ਦੇ ਚਾਚੇ ਕੁਰਬਾਨ ਅਲੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ 'ਤੇ ਉਸ ਦਾ ਕਤਲ ਕਰਨ ਦਾ ਦੋਸ਼ ਹੈ | ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਰਿਮਾਂਡ 'ਤੇ ਲਿਆ ਗਿਆ, ਜਿਸ ਦੌਰਾਨ ਉਸ ਤੋਂ ਵਾਰਦਾਤ ਵਿਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਜਾਣਾ ਹੈ | ਇਸ ਤੋਂ ਇਲਾਵਾ ਉਸ ਦੇ ਪੁੱਤਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ | ਚੌਕੀ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਰਾਣਾ ਹਮੀਦਾ ਦੇ ਰਹਿਣ ਵਾਲੇ ਜੱਬਾਰ ਹਸਨ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਅਤੇ ਮਹਿੰਦੀ ਹਸਨ ਦੇ ਪੰਜ ਭਰਾ ਹਨ | ਉਸਦਾ ਚਾਚਾ ਕੁਰਬਾਨ ਅਤੇ ਉਸਦਾ ਪੁੱਤਰ ਆਵਿਸ਼ ਕਈ ਦਿਨਾਂ ਤੋਂ ਹਸਨ ਨਾਲ ਬਦਸਲੂਕੀ ਕਰ ਰਹੇ ਸਨ | ਐਤਵਾਰ ਰਾਤ ਲਗਭਗ 10:15 ਵਜੇ ਹਸਨ ਪਰਿਵਾਰ ਇਕ ਸਾਂਝੇ ਲਿਵਿੰਗ ਰੂਮ ਵਿਚ ਬੈਠਾ ਸੀ | ਇਸ ਦੌਰਾਨ ਜਦੋਂ ਕੁਰਬਾਨ ਆਇਆ ਤਾਂ ਉਸ ਨੇ ਉਸਨੂੰ ਸ਼ਰਾਬੀ ਕਿਹਾ, ਜਿਸ ਦੌਰਾਨ ਉਨ੍ਹਾਂ ਦੀ ਬਹਿਸ ਹੋਈ ਅਤੇ ਥੋੜ੍ਹਾ ਜਿਹਾ ਝਗੜਾ ਹੋਇਆ, ਪਰ ਲਗਭਗ 20 ਮਿੰਟ ਮਗਰੋਂ ਜਦੋਂ ਹਸਨ ਘਰੋਂ ਬਾਹਰ ਆਇਆ ਤਾਂ ਕੁਰਬਾਨ, ਉਸਦੇ ਪੁੱਤਰਾਂ ਆਵਿਸ਼, ਸਾਕਿਰ, ਸੋਹੇਲ ਤੇ ਬਾਲਕਿਸ਼ਾ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਉਹ ਜ਼ਖਮੀ ਹੋ ਗਿਆ | ਉਸਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸਨੂੰ ਮਿ੍ਤਕ ਐਲਾਨ ਦਿੱਤਾ ਗਿਆ |