ਨਵੀਂ ਦਿੱਲੀ, 5 ਮਈ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ (12 ਸਕੂਲ) ਦੇ ਸਟਾਫ਼ ਦੀ ਕਰੋੜਾਂ ਰੁਪਏ ਦੀ ਦੇਣਦਾਰੀ ਅਤੇ ਕੋਰਟ 'ਚ ਚੱਲ ਰਹੇ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੌਜੂਦਾ ਪ੍ਰਬੰਧਕਾਂ 'ਤੇ ਨਿਸ਼ਾਨਾ ਸਾਧਿਆ ਹੈ ¢ ਸਰਨਾ ਨੇ ਸਾਫ਼ ਕਿਹਾ ਕਿ ਸਕੂਲੀ ਸਟਾਫ਼ ਦੀ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਦੇਣਦਾਰੀ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਭਿ੍ਸ਼ਟ ਪ੍ਰਬੰਧਕ ਕਸੂਰਵਾਰ ਹਨ ¢ ਸਰਨਾ ਨੇ ਕਿਹਾ ਕਿ ਸਕੂਲੀ ਸਟਾਫ਼ ਦੀ ਕਰੋੜਾਂ ਰੁਪਿਆਂ ਦੀ ਦੇਣਵਾਰੀ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਨੇ ਦਿੱਲੀ ਕਮੇਟੀ ਅਧੀਨ ਜਾਇਦਾਦਾਂ ਦੀ ਨਿਲਾਮੀ ਵਾਸਤੇ ਵੈਲਿਊਰ ਨਿਯੁਕਤ ਕੀਤਾ ਗਿਆ ਹੈ ¢ ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੀ ਹਰੇਕ ਜਾਇਦਾਦ ਪੰਥ ਦੀ ਅਮਾਨਤ ਹੈ ਜੋ ਕਿਸੀ ਵੀ ਹਾਲਤ 'ਤੇ ਨਿਲਾਮ ਨਹੀਂ ਹੋਣ ਦਿੱਤੀ ਜਾਵੇਗੀ ¢ ਸਰਨਾ ਨੇ ਕਿਹਾ ਕਿ ਪੰਥਕ ਜਾਇਦਾਦਾਂ ਦੀ ਨਿਲਾਮੀ ਦੀ ਬਜਾਏ, ਸਕੂਲਾਂ ਦੀ ਕਰੋੜਾਂ ਰੁਪਏ ਦੀ ਦੇਣਦਾਰੀ, ਉਨ੍ਹਾਂ ਪ੍ਰਬੰਧਕਾਂ ਦੀ ਜਾਇਦਾਦਾਂ ਕੁਰਕ ਕਰਕੇ ਚੁਕਾਈ ਜਾਵੇ, ਜਿਨ੍ਹਾਂ ਨੇ ਭਿ੍ਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਸਿੱਖਾਂ ਦੇ ਸਕੂਲਾਂ ਨੂੰ ਆਰਥਿਕ ਮੰਦਹਾਲੀ ਦੀ ਕਗਾਰ 'ਤੇ ਪਹੁੰਚਾ ਦਿੱਤਾ ਅਤੇ ਇਨ੍ਹਾਂ ਲੋਕਾਂ ਵਿਚ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦਾ ਨਾਂਅ ਵੀ ਸ਼ਾਮਿਲ ਹੈ ¢ ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਸਕੂਲਾਂ ਦਾ ਕਰਜ਼ਾ ਉਤਾਰਿਆ ਜਾਵੇ ¢ ਸਰਨਾ ਨੇ ਇਹ ਵੀ ਕਿ ਜਦੋਂ ਉਨ੍ਹਾਂ (ਸਰਨਾ) ਦਾ ਕਾਰਜਕਾਲ ਪੂਰਾ ਹੋਇਆ ਤਾਂ ਉਸ ਵੇਲੇ 55 ਕਰੋੜ ਰੁਪਏ ਸਕੂਲਾਂ ਦੇ ਖਾਤਿਆਂ ਸਮੇਤ ਕੁੱਲ 123 ਕਰੋੜ ਰੁਪਏ ਦਿੱਲੀ ਕਮੇਟੀ ਦੇ ਕੋਲ ਸੀ, ਇਹ ਭਿ੍ਸ਼ਟ ਪ੍ਰਬੰਧਕ ਦੱਸਣ ਇਹ ਪੈਸੇ ਕਿੱਥੇ ਗਏ?