ਨਵੀਂ ਦਿੱਲੀ, 5 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੰਜਾਬ ਸਿੰਧ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਮੱਖਣ ਸਿੰਘ ਨੇ ਪੰਜਾਬੀ ਬਾਗ਼ ਦਿੱਲੀ ਵਿਖੇ ਪੰਜਾਬੀ ਦਾ ਨਵਾਂ ਕਾਇਦਾ ਰਿਲੀਜ਼ ਕੀਤਾ ਹੈ, ਜਿਸ ਨੂੰ ਬਲਵਿੰਦਰ ਸਿੰਘ ਨੇ ਲਿਖਿਆ ਹੈ | ਇਸ ਮੌਕੇ ਮੱਖਣ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿਕਾਸ ਤੇ ਨਿਕਾਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਦੇ ਮਾਹੌਲ ਵਿਚ ਜੋ ਹੋ ਰਿਹਾ ਹੈ, ਉਸ ਬਾਰੇ ਸਭ ਜਾਣਦੇ ਹਨ ਅਤੇ ਅਜਿਹੇ ਸਮੇਂ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਲਿਖਣਾ, ਪੜ੍ਹਣਾ ਤੇ ਬੋਲਣਾ ਜ਼ਰੂਰ ਸਿਖਾਈਏ | ਉਨ੍ਹਾਂ ਨੇ ਇਸ ਕਾਇਦੇ ਦੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਇਦਾ ਲੋਕਾਂ ਨੂੰ ਬਲਵਿੰਦਰ ਸਿੰਘ ਦੇ ਵਲੋਂ ਮੁਫ਼ਤ ਵੰਡਿਆ ਜਾਣਾ ਇਕ ਬਹੁਤ ਵੱਡੀ ਗੱਲ ਹੈ | ਉਨ੍ਹਾਂ ਕਿਹਾ ਕਿ ਇਹ ਕਾਇਦਾ ਸਕੂਲਾਂ ਤੇ ਘਰਾਂ ਵਿਚ ਮੁਫ਼ਤ ਵੰਡਿਆ ਜਾਣਾ ਚਾਹੀਦਾ ਹੈ | ਇਸ ਮੌਕੇ ਗਗਨਦੀਪ ਸਿੰਘ ਨੇ ਕਿਹਾ ਕਿ ਸਕੂਲਾਂ ਵਿਚ ਜਿਸ ਤਰ੍ਹਾਂ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਘਟ ਰਹੀ ਹੈ, ਉਸ ਪ੍ਰਤੀ ਸਾਨੂੰ ਸਾਰਿਆਂ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਜ਼ਰੂਰ ਪੜ੍ਹਾਉਣ | ਗਗਨਦੀਪ ਸਿੰਘ ਨੇ ਦਿੱਲੀ ਦੀਆਂ ਸਾਹਿਤਕ ਸਭਾਵਾਂ ਤੇ ਸੁਸਾਇਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਪਰੋਕਤ ਮਾਮਲੇ ਪ੍ਰਤੀ ਧਿਆਨ ਦੇਣ |