21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਜਨਗਣਨਾ ਲਈ ਡਿਊਟੀ 'ਤੇ ਲੱਗੇ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਨੇ ਭਾਰੀ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 08-05-2026
ਯਮੁਨਾਨਗਰ, 7 ਮਈ (ਗੁਰਦਿਆਲ ਸਿੰਘ ਨਿਮਰ)-2027 ਦੀ ਜਨਗਣਨਾ ਲਈ ਹਾਊਸ ਲਿਸਟਿੰਗ ਦਾ ਕੰਮ 1 ਮਈ ਤੋਂ 30 ਮਈ ਤੱਕ ਚੱਲਣਾ ਹੈ ਅਤੇ ਇਸ ਕੰਮ 'ਚ ਜ਼ਿਆਦਾਤਰ ਅਧਿਆਪਕਾਂ ਦੀ ਡਿਊਟੀ ਲੱਗੀ ਹੋਈ ਹੈ, ਜਿਨ੍ਹਾਂ ਨੂੰ ਡਿਊਟੀ ਦੌਰਾਨ ਕਈ ਪ੍ਰਕਾਰ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਰਿਆਣਾ ਸਕੂਲ ਅਧਿਆਪਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਕੰਬੋਜ, ਜ਼ਿਲ੍ਹਾ ਸਕੱਤਰ ਦਿਨੇਸ਼ ਤੰਵਰ, ਉਪ ਪ੍ਰਧਾਨ ਸ਼ਸ਼ੀ ਭੂਸ਼ਣ ਅਤੇ ਖਜ਼ਾਨਚੀ ਪ੍ਰੀਤਮ ਬਾਲੀਆਂ ਨੇ ਕਿਹਾ ਕਿ ਜਨਗਣਨਾ ਡਿਊਟੀ ਦੌਰਾਨ ਮਹਿਲਾ ਅਧਿਆਪਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਅਧਿਆਪਕਾਂ ਨੂੰ ਜਨਗਣਨਾ ਦੇ ਕੰਮ ਲਈ ਦੂਰ-ਦੁਰਾਡੇ ਦੇ ਖੇਤਰਾਂ 'ਚ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਖੇਤਰ ਏ ਦੇ ਸਕੂਲਾਂ 'ਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਖੇਤਰ ਬੀ 'ਚ ਭੇਜਿਆ ਗਿਆ ਹੈ ਅਤੇ ਖੇਤਰ ਬੀ ਦੇ ਅਧਿਆਪਕਾਂ ਨੂੰ ਖੇਤਰ ਏ 'ਚ ਭੇਜਿਆ ਗਿਆ ਹੈ, ਜਿਸ ਨਾਲ ਬੇਲੋੜੀ ਅਸੁਵਿਧਾ ਅਤੇ ਸਮਾਂ ਬਰਬਾਦ ਹੁੰਦਾ ਹੈ | ਖਾਸ ਤੌਰ 'ਤੇ, ਮਹਿਲਾ ਅਧਿਆਪਕਾਂ ਨੂੰ ਡਿਊਟੀਆਂ ਸੌਂਪਦੇ ਸਮੇਂ ਉਨ੍ਹਾਂ ਦੀ ਸੁਰੱਖਿਆ ਅਤੇ ਸਹੂਲਤ 'ਤੇ ਵਿਚਾਰ ਨਹੀਂ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਬਹੁਤ ਸਾਰੀਆਂ ਮਹਿਲਾ ਅਧਿਆਪਕਾਂ ਨੂੰ ਫੈਕਟਰੀ ਖੇਤਰਾਂ 'ਚ ਨਿਯੁਕਤ ਕੀਤਾ ਗਿਆ ਹੈ, ਜਿਥੇ ਕਿ ਅਸੰਗਠਿਤ ਮਜ਼ਦੂਰ ਵਰਗ ਰਹਿੰਦਾ ਹੈ | ਸਵੇਰੇ ਜਲਦੀ ਇਨ੍ਹਾਂ ਇਲਾਕਿਆਂ ਦਾ ਦੌਰਾ ਕਰਨ ਮੌਕੇ ਜ਼ਿਆਦਾਤਰ ਲੋਕ ਸੌਂ ਰਹੇ ਹੁੰਦੇ ਹਨ, ਜਦਕਿ ਸ਼ਾਮ ਸਮੇਂ ਵਾਤਾਵਰਨ ਅਸੁਰੱਖਿਅਤ ਹੈ, ਜਿਸ ਕਾਰਨ ਮਹਿਲਾ ਅਧਿਆਪਕਾਂ ਲਈ ਗੰਭੀਰ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੀ ਬਹੁਤ ਚਿੰਤਾਜਨਕ ਹੈ ਕਿ ਗਰਭਵਤੀ ਮਹਿਲਾ ਅਧਿਆਪਕਾਂ ਨੂੰ ਵੀ ਇਹ ਡਿਊਟੀਆਂ ਸੌਂਪੀਆਂ ਗਈਆਂ ਹਨ, ਪਰ ਉਨ੍ਹਾਂ ਦੀਆਂ ਬੇਨਤੀਆਂ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਾਊਸ ਲਿਸਟਿੰਗ ਬਲਾਕ ਦੇ ਨਿਰਮਾਣ 'ਚ ਮਹੱਤਵਪੂਰਨ ਬੇਨਿਯਮੀਆਂ ਹੋਣ ਬਾਰੇ ਪਤਾ ਚੱਲਿਆ ਹੈ | ਉਨ੍ਹਾਂ ਕਿਹਾ ਕਿ ਨਿਰਧਾਰਤ ਮਾਪਦੰਡਾਂ ਅਨੁਸਾਰ ਇਕ ਗਣਨਾਕਾਰ ਕੋਲ ਲਗਭਗ 150 ਘਰ ਹੋਣੇ ਚਾਹੀਦੇ ਹਨ, ਪਰ ਅਸਲ 'ਚ ਜ਼ਿਆਦਾਤਰ ਬਲਾਕਾਂ 'ਚ 400 ਤੋਂ ਲੈ ਕੇ 600 ਘਰ ਸ਼ਾਮਿਲ ਹਨ, ਜਦਕਿ ਸਮਾਂ-ਸੀਮਾ ਸਾਰਿਆਂ ਲਈ ਇਕੋ ਜਿਹੀ ਹੈ | ਉਨ੍ਹਾਂ ਕਿਹਾ ਕਿ ਸਕੂਲ ਬੰਦ ਹੋਣ ਤੋਂ ਬਾਅਦ ਜਾਂ ਛੁੱਟੀਆਂ ਵਾਲੇ ਦਿਨ ਇਸ ਕੰਮ ਨੂੰ ਪੂਰਾ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ, ਜਿਸ ਨਾਲ ਨਿਰਧਾਰਤ ਸਮੇਂ ਦੇ ਅੰਦਰ ਕੰਮ ਪੂਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੇ 'ਸਕਸ਼ਮ' ਯੋਜਨਾ ਦੇ ਤਹਿਤ ਗਣਨਾਕਾਰਾਂ ਨੂੰ ਵਲੰਟੀਅਰ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਵਲੰਟੀਅਰ ਪ੍ਰਦਾਨ ਨਹੀਂ ਕੀਤੇ ਗਏ | ਇਸ ਤੋਂ ਇਲਾਵਾ ਇਕ ਸਿੰਗਲ ਗਣਨਾਕਾਰ ਦੀ ਆਈ. ਡੀ. ਦੇ ਅਧੀਨ ਕੰਮ ਕਰਨ ਦੀਆਂ ਸੀਮਾਵਾਂ ਕਾਰਨ ਵਲੰਟੀਅਰ ਪ੍ਰਣਾਲੀ ਇਕ ਘੱਟ ਵਿਵਹਾਰਕ ਹੱਲ ਸਾਬਿਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਾਰੇ ਤੱਥ ਸਪੱਸ਼ਟ ਤੌਰ 'ਤੇ ਡਿਊਟੀ ਵੰਡ ਅਤੇ ਬਲਾਕ ਗਠਨ 'ਚ ਗੰਭੀਰ ਪ੍ਰਸ਼ਾਸਕੀ ਖਾਮੀਆਂ ਨੂੰ ਦਰਸਾਉਂਦੇ ਹਨ | ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਕਤ ਮਸਲਿਆਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਵਿਸ਼ੇਸ਼ ਹਾਲਾਤਾਂ ਵਾਲੀਆਂ ਔਰਤਾਂ ਅਤੇ ਅਧਿਆਪਕਾਂ ਨੂੰ ਡਿਊਟੀ ਤੋਂ ਰਾਹਤ ਪ੍ਰਦਾਨ ਕੀਤੀ ਜਾਵੇ ਤਾਂ ਜੋ ਜਨਗਣਨਾ ਦਾ ਕੰਮ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਪੂਰਾ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸਮਾਧਾਨ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ- ਸਿਟੀ ਮੈਜਿਸਟ੍ਰੇਟ ਅਗਲੀ ਖ਼ਬਰ ਦਸਤਾਰ ਸਿਖਲਾਈ ਕੈਂਪ ਲਈ ਨੌਜਵਾਨ ਉਤਸ਼ਾਹਿਤ
Ad Position 24