ਨਵੀਂ ਦਿੱਲੀ, 9 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੰਡੀ ਹਾਊਸ ਸਥਿਤ ਦੂਰਦਰਸ਼ਨ ਭਵਨ ਦੇ ਟਰਾਂਸਫਾਰਮਰ ਵਿਚ ਅਚਾਨਕ ਅੱਗ ਲੱਗ ਗਈ | ਇਹ ਅੱਗ ਦੂਰਦਰਸ਼ਨ ਭਵਨ ਦੇ ਦੂਸਰੇ ਗੇਟ ਦੇ ਸਾਹਮਣੇ ਲੱਗੀ | ਇਸ ਦੀ ਸੂਚਨਾ ਉਸੇ ਸਮੇਂ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ, ਜਿਸ 'ਤੇ ਅੱਗ ਬੁਝਾਊ ਵਿਭਾਗ ਦੀਆਂ 5 ਗੱਡੀਆਂ ਪੁੱਜੀਆਂ | ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਜਾਂ ਫਿਰ ਤਕਨੀਕੀ ਖਰਾਬੀ ਕਾਰਨ ਲੱਗੀ ਹੋ ਸਕਦੀ ਹੈ | ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਸ ਘਟਨਾ ਬਾਰੇ ਅੱਗ ਬੁਝਾਊ ਵਿਭਾਗ ਨੂੰ ਦੁਪਹਿਰ 2.05 ਵਜੇ ਸੂਚਨਾ ਦਿੱਤੀ ਗਈ | ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਅਤੇ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ 2.25 ਵਜੇ ਅੱਗ 'ਤੇ ਕਾਬੂ ਪਾ ਲਿਆ |