ਫ਼ਤਿਹਾਬਾਦ, 14 ਮਈ (ਹਰਬੰਸ ਸਿੰਘ ਮੰਡੇਰ)- ਸੂਬਾ ਸਰਕਾਰ ਕਿਸਾਨਾਂ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਲਈ ਵੱਡੇ ਪੱਧਰ 'ਤੇ ਲਗਾਤਾਰ ਕੰਮ ਕਰ ਰਹੀ ਹੈ ਅਤੇ ਸੇਮ ਵਰਗੀਆਂ ਗੰਭੀਰ ਸਮੱਸਿਆਵਾਂ ਦੇ ਸਥਾਈ ਹੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਫ਼ਤਿਹਾਬਾਦ ਦੇ ਸਾਬਕਾ ਵਿਧਾਇਕ ਦੁੜਾਰਾਮ ਨੇ ਬੜੋਪਲ ਅਤੇ ਚਿੰਦੜ ਪਿੰਡਾਂ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸਿੰਚਾਈ ਤੇ ਜਲ ਸਰੋਤ ਵਿਭਾਗ ਦੁਆਰਾ ਬਣਾਏ ਜਾ ਰਹੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ | ਉਨ੍ਹਾਂ ਦੱਸਿਆ ਕਿ ਖੇਤਾਂ 'ਚੋਂ ਮੀਂਹ ਦੇ ਪਾਣੀ ਨੂੰ ਕੱਢਣ ਲਈ ਬੜੋਪਲ ਪਿੰਡ ਖੇਤਰ 'ਚ ਖਾਰਾ ਖੇੜੀ ਮਾਈਨਰ ਦੇ ਨਾਲ 900 ਮਿਲੀਮੀਟਰ ਵਿਆਸ ਵਾਲੀ ਆਰ.ਸੀ.ਸੀ. ਐਨ.ਪੀ.-3 ਪਾਈਪਲਾਈਨ ਵਿਛਾਈ ਜਾਵੇਗੀ | ਇਸ ਪ੍ਰੋਜੈਕਟ 'ਤੇ ਲਗਭਗ 9.75 ਕਰੋੜ ਖ਼ਰਚ ਕੀਤੇ ਜਾਣਗੇ ਅਤੇ ਮੁੱਖ ਪਾਈਪਲਾਈਨ ਲਗਭਗ 8.6 ਕਿੱਲੋਮੀਟਰ ਲੰਬੀ ਹੋਵੇਗੀ | ਪਾਈਪਲਾਈਨ ਦੇ ਨਿਰਮਾਣ ਦਾ ਉਦੇਸ਼ ਬਰਸਾਤ ਦੇ ਮੌਸਮ ਦੌਰਾਨ ਖੇਤਾਂ 'ਚ ਪਾਣੀ ਭਰਨ ਤੋਂ ਰੋਕਣਾ ਅਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਉਣਾ ਹੈ | ਦੁੜਾਰਾਮ ਨੇ ਕਿਹਾ ਕਿ ਚਿੰਦੜ, ਸਾਰੰਗਪੁਰ ਅਤੇ ਖ਼ਾਸਾ ਮਹਾਜਨ ਖੇਤਰ ਦੇ ਪਿੰਡਾਂ ਦੇ ਖੇਤਾਂ 'ਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵੱਖਰੇ ਪ੍ਰੋਜੈਕਟ 'ਤੇ ਵੀ ਕੰਮ ਕੀਤਾ ਜਾਵੇਗਾ | ਇਸ ਪ੍ਰੋਜੈਕਟ ਦੇ ਨਕਸ਼ੇ ਅਤੇ ਪ੍ਰਸਤਾਵ ਨੂੰ ਹਰਿਆਣਾ ਰਾਜ ਡਰੇਨੇਜ ਅਤੇ ਹੜ੍ਹ ਕੰਟਰੋਲ ਬੋਰਡ ਦੀ 57ਵੀਂ ਮੀਟਿੰਗ 'ਚ ਮਨਜ਼ੂਰੀ ਦਿੱਤੀ ਗਈ | ਦੋਵਾਂ ਪ੍ਰੋਜੈਕਟਾਂ ਦੀ ਸੰਯੁਕਤ ਲਾਗਤ ਲਗਭਗ 14 ਕਰੋੜ ਹੋਵੇਗੀ ਅਤੇ ਆਉਣ ਵਾਲੇ ਬਰਸਾਤੀ ਸੀਜ਼ਨ ਤੋਂ ਪਹਿਲਾਂ ਪੂਰਾ ਕਰਨ ਦਾ ਟੀਚਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਉਪਰੰਤ ਹਜ਼ਾਰਾਂ ਏਕੜ ਖੇਤੀਬਾੜੀ ਜ਼ਮੀਨ ਪਾਣੀ ਭਰਨ ਤੋਂ ਮੁਕਤ ਹੋ ਜਾਵੇਗੀ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੀ ਰੱਖਿਆ ਹੋਵੇਗੀ ਅਤੇ ਖੇਤੀਬਾੜੀ ਉਤਪਾਦਕਤਾ 'ਚ ਵਾਧਾ ਹੋਵੇਗਾ | ਕਿਸਾਨਾਂ ਨੂੰ ਹਰ ਸਾਲ ਬਰਸਾਤ ਦੇ ਮੌਸਮ 'ਚ ਆਪਣੇ ਖੇਤਾਂ 'ਚ ਪਾਣੀ ਭਰਨ ਕਾਰਨ ਭਾਰੀ ਨੁਕਸਾਨ ਝੱਲਣਾ ਪੈਂਦਾ ਸੀ ਪਰ ਹੁਣ ਇਹ ਕੰਮ ਉਨ੍ਹਾਂ ਦੀ ਪੁਰਾਣੀ ਸਮੱਸਿਆ ਦਾ ਸਥਾਈ ਹੱਲ ਹੋਵੇਗਾ | ਹਰਿਆਣਾ ਸਰਕਾਰ ਪਿੰਡਾਂ ਕਿਸਾਨਾਂ ਅਤੇ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਵਿਕਾਸ ਕਾਰਜਾਂ ਨੂੰ ਲਗਾਤਾਰ ਤੇਜ਼ ਕਰ ਰਹੀ ਹੈ | ਦੁੜਾਰਾਮ ਨੇ ਕਿਹਾ ਕਿ ਹਰਿਆਣਾ ਸਰਕਾਰ ਪਿੰਡਾਂ ਕਿਸਾਨਾਂ ਅਤੇ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਵਿਕਾਸ ਦੇ ਯਤਨਾਂ ਨੂੰ ਲਗਾਤਾਰ ਤੇਜ਼ ਕਰ ਰਹੀ ਹੈ | ਰਾਜ ਸਰਕਾਰ ਦੀਆਂ ਨੀਤੀਆਂ ਦਾ ਉਦੇਸ਼ ਵਿਕਾਸ ਨੂੰ ਆਖ਼ਰੀ ਮੀਲ ਤੱਕ ਪਹੁੰਚਾਉਣਾ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਜਨਤਕ ਅਤੇ ਕਿਸਾਨ ਹਿਤਾਂ ਨੂੰ ਤਰਜੀਹ ਦਿੰਦਿਆਂ ਰਾਜ 'ਚ ਸੜਕ ਸਿੰਚਾਈ ਡਰੇਨੇਜ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ | ਪੇਂਡੂ ਖੇਤਰਾਂ 'ਚ ਵਿਕਾਸ ਪ੍ਰੋਜੈਕਟਾਂ ਦੇ ਤੇਜ਼ੀ ਨਾਲ ਲਾਗੂ ਹੋਣ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਹੋ ਰਿਹਾ ਹੈ ਅਤੇ ਰਾਜ ਸਵੈ-ਨਿਰਭਰ ਖੇਤੀਬਾੜੀ ਪ੍ਰਣਾਲੀ ਵੱਲ ਵਧ ਰਿਹਾ ਹੈ | ਇਸ ਮੌਕੇ ਸਿੰਚਾਈ ਤੇ ਜਲ ਸਰੋਤ ਵਿਭਾਗ ਦੇ ਸੁਪਰਡੈਂਟ ਇੰਜ. ਵਿਮਲ ਕੁਮਾਰ, ਕਾਰਜਕਾਰੀ ਇੰਜ. ਵਿਨੋਦ ਕੁਮਾਰ ਆਦਿ ਹਾਜ਼ਰ ਸਨ |
ਕਿਸਾਨਾਂ ਦੀਆਂ ਪੁਰਾਣੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੀਤਾ ਜਾਵੇਗਾ-ਦੁੜਾਰਾਮ <br/>
ਅਜੀਤ ਡੈਸਕ
15-05-2026