ਨਵੀਂ ਦਿੱਲੀ, 16 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਰੱਦ ਕੀਤੀ ਗਈ ਨੀਟ (ਯੂ.ਜੀ.) ਦੀ ਪ੍ਰੀਖਿਆ ਪ੍ਰਤੀ ਇਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ 'ਤੇ ਮਾਨਸਿਕ ਦਬਾਉ ਪੈਣ 'ਤੇ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਟੁੱਟ ਗਿਆ ਹੈ | ਉਨ੍ਹਾਂ ਦੇ ਦਿਲ ਵਿਚ ਅਜਿਹਾ ਡਰ ਬੈਠ ਗਿਆ ਹੈ ਕਿ ਕੀਤੀ ਗਈ ਤਿਆਰੀ ਮਿੱਟੀ ਵਿਚ ਮਿਲਣ 'ਤੇ ਉਨ੍ਹਾਂ ਦਾ ਆਰਥਿਕ ਤੌਰ 'ਤੇ ਨੁਕਸਾਨ, ਮਿਹਨਤ ਅਤੇ ਸਮੇਂ ਦਾ ਕੋਈ ਫ਼ਾਇਦਾ ਨਹੀਂ ਹੋਇਆ | ਉਨ੍ਹਾਂ ਦੇ ਦਿਲਾਂ ਵਿਚ ਇਹ ਡਰ ਵੀ ਬੈਠਿਆ ਹੈ ਕਿ ਅੱਗੋਂ ਵੀ ਕੁਝ ਹੋ ਨਾ ਜਾਵੇ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਿਸਟਮ ਦੀ ਗ਼ਲਤੀ ਦਾ ਉਨ੍ਹਾਂ ਨੂੰ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਅਤੇ ਫਿਰ ਦੁਬਾਰਾ ਹਰ ਪੱਖ ਤੋਂ ਤਿਆਰੀ ਕਰਨਾ ਹੁਣ ਬਹੁਤ ਮੁਸ਼ਕਿਲ ਲੱਗ ਰਿਹਾ ਹੈ | ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਭਾਵੇਂ ਇਸ ਪ੍ਰੀਖਿਆ ਦੀ ਮਿਤੀ ਐਲਾਨ ਕਰ ਦਿੱਤੀ ਹੈ ਪ੍ਰੰਤੂ ਉਨ੍ਹਾਂ ਦੇ ਦਿਲ ਵਿਚ ਭਰੋਸਾ ਨਹੀਂ ਬਣ ਰਿਹਾ, ਜਿਸ ਕਰ ਕੇ ਪ੍ਰੀਖਿਆ ਪ੍ਰਤੀ ਉਨ੍ਹਾਂ ਦਾ ਫੌਕਸ ਹੀ ਨਹੀਂ ਹੋ ਰਿਹਾ ਜਿਸ ਤਰ੍ਹਾਂ ਪਹਿਲਾਂ ਪ੍ਰੀਖਿਆ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਬਣਿਆ ਹੋਇਆ ਸੀ, ਉਹ ਹੁਣ ਨਹੀਂ ਬਣ ਰਿਹਾ ਕਿਉਂਕਿ ਹੁਣ ਆਪਣੇ ਆਪ ਨਾਲ ਜ਼ਬਰਦਸਤੀ ਕਰ ਕੇ ਪ੍ਰੀਖਿਆ ਤਾਂ ਉਹ ਦੇਣਗੇ ਹੀ ਪ੍ਰੰਤੂ ਪਹਿਲਾਂ ਵਾਲੀ ਹੁਣ ਗੱਲ ਨਹੀਂ ਰਹੀ ਕਿਉਂਕਿ ਪ੍ਰੀਖਿਆ ਦੁਬਾਰਾ ਦੇਣਾ ਇਕ ਬੋਝ ਜਿਹਾ ਮਹਿਸੂਸ ਹੋ ਰਿਹਾ ਹੈ | ਵਰਨਣਯੋਗ ਹੈ ਕਿ ਜਿਸ ਦਿਨ ਇਹ ਪ੍ਰੀਖਿਆ ਰੱਦ ਹੋਈ ਹੈ, ਉਸੇ ਦਿਨ ਤੋਂ ਹੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਰ ਪੱਖ ਤੋਂ ਦੁਖੀ ਹਨ | ਉਹ ਬੇਵੱਸ ਹੋ ਗਏ ਹਨ |