ਨਵੀਂ ਦਿੱਲੀ, 26 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਸਿੱਧ ਸਰੋਜਨੀ ਨਗਰ ਮਾਰਕੀਟ ਦਾ ਮਾਮਲਾ ਅਜੇ ਤੱਕ ਸੁਲਝਿਆ ਨਹੀਂ, ਜਿਸ ਕਰਕੇ ਕਾਰੋਬਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਵੈਂਡਰਸ ਨੂੰ ਜੋ ਥਾਂ ਅਲਾਟ ਕੀਤੀ ਹੈ, ਉਹ ਉਸ ਪ੍ਰਤੀ ਸੰਤੁਸ਼ਟ ਨਹੀਂ ਹਨ | ਵਰਨਣਯੋਗ ਹੈ ਕਿ ਇਸ ਮਾਰਕੀਟ ਵਿਚ 514 ਵੈਂਡਰਸ ਨੂੰ ਜੋ ਥਾਂ ਦਿੱਤੀ ਗਈ ਸੀ, ਉਸ ਪ੍ਰਤੀ ਹੁਣ ਦੁਬਾਰਾ ਜਾਂਚ ਕੀਤੀ ਜਾਵੇਗੀ | ਜੇਕਰ ਇਸ ਵਿਚ ਕੋਈ ਵੈਂਡਰਸ ਅਲਾਟਮੈਂਟ ਤੋਂ ਬਿਨਾਂ ਰਹਿ ਗਿਆ ਹੋਵੇ ਤਾਂ ਉਸ ਨੂੰ ਥਾਂ ਦਿੱਤੀ ਜਾਵੇਗੀ | ਸਰੋਜਨੀ ਨਗਰ ਮਾਰਕੀਟ ਦੇ ਕਾਰੋਬਾਰੀਆਂ ਨਾਲ ਪੀ.ਡਬਲਿਊ.ਡੀ. ਮੰਤਰੀ ਪ੍ਰਵੇਸ਼ ਵਰਮਾ ਨੇ ਇਕ ਬੈਠਕ ਵੀ ਕੀਤੀ, ਜਿਸ ਵਿਚ ਇਸ ਮਾਮਲੇ ਪ੍ਰਤੀ ਜਾਂਚ ਕਰਨ ਬਾਰੇ ਕਿਹਾ ਗਿਆ ਹੈ | ਮਾਰਕੀਟ ਦੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਇਥੇ ਕੀਤੇ ਗਏ ਸਰਵੇ ਵਿਚ ਗੜਬੜ ਹੈ ਕਿ ਜਿਨ੍ਹਾਂ ਨੂੰ ਥਾਂ ਅਲਾਟ ਕੀਤੀ ਗਈ ਹੈ, ਉਹ ਲੋਕ ਇਸ ਮਾਰਕੀਟ ਵਿਚ ਕਦੇ ਵੀ ਵਿਖਾਈ ਨਹੀਂ ਦਿੱਤੇ ਅਤੇ ਨਾ ਹੀ ਕਿਤੇ ਬੈਠੇ ਹਨ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਲੋਕ ਪਿਛਲੇ ਲੰਬੇ ਸਾਲਾਂ ਤੋਂ ਇਸ ਮਾਰਕੀਟ ਵਿਚ ਆਪਣੀਆਂ ਦੁਕਾਨਾਂ ਲਗਾ ਰਹੇ ਹਨ, ਉਨ੍ਹਾਂ ਦਾ ਨਾਂਅ ਹੀ ਨਹੀਂ ਬਲਕਿ ਉਨ੍ਹਾਂ ਨੂੰ ਇਸ ਅਲਾਟਮੈਂਟ ਤੋਂ ਬਾਹਰ ਰੱਖਿਆ ਗਿਆ ਹੈ |