ਨਵੀਂ ਦਿੱਲੀ, 26 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਅਤੇ ਅਪਰਾਧ ਸ਼ਾਖਾ ਵਲੋਂ ਲਾਪਤਾ ਹੋਏ ਅਤੇ ਕਿਸੇ ਨਾ ਕਿਸੇ ਕਾਰਨ ਘਰਾਂ ਤੋਂ ਭੱਜੇ ਹੋਏ ਬੱਚਿਆਂ ਨੂੰ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਜਾ ਰਿਹਾ ਹੈ | ਪੁਲਿਸ ਦੇ ਇਸ ਕੰਮ ਪ੍ਰਤੀ ਲੋਕ ਬਹੁਤ ਖੁਸ਼ ਹਨ | ਦਿੱਲੀ ਪੁਲਿਸ ਨੇ ਇਕ ਲੜਕੇ ਅਤੇ ਦੋ ਕੁੜੀਆਂ ਦੀ ਭਾਲ ਕਰਕੇ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਹੈ | ਇਨ੍ਹਾਂ ਦੇ ਵਿਚੋਂ ਇਕ 14 ਸਾਲਾਂ ਦੀ ਕੁੜੀ ਜੋ ਕਿ 22 ਅਪ੍ਰੈਲ 2026 ਤੋਂ ਲਾਪਤਾ ਸੀ, ਇਸ ਕੁੜੀ ਦਾ ਦਾ ਪਿਤਾ ਸ਼ਰਾਬੀ ਸੀ ਅਤੇ ਉਹ ਘਰ ਵਿਚ ਹਮੇਸ਼ਾ ਲੜਾਈ ਕਰਦਾ ਸੀ | ਇਹ ਕੁੜੀ ਤੰਗ ਆ ਕੇ ਕਿਸੇ ਮੁੰਡੇ ਨਾਲ ਭੱਜ ਗਈ ਅਤੇ ਯੂ.ਪੀ. ਵਿਚ ਦਾਦਰੀ ਇਲਾਕੇ ਵਿਚ ਰਹਿਣ ਲੱਗ ਪਈ | ਪੁਲਿਸ ਦੀ ਟੀਮ ਨੇ ਇਸ ਕੁੜੀ ਨੂੰ ਉੱਥੋਂ ਲਿਆ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ | ਦੂਸਰਾ ਇਕ 15 ਸਾਲ ਦਾ ਲੜਕਾ ਜੋ ਘਰੋਂ ਘੁੰਮਣ ਫਿਰ ਚਲਾ ਗਿਆ ਅਤੇ ਫਿਰ ਦਿੱਲੀ ਆ ਗਿਆ | ਇਸ ਨੂੰ ਪੁਲਿਸ ਨੇ ਕਿੰਗਜ਼-ਵੇ ਕੈਂਪ ਦਿੱਲੀ ਤੋਂ ਫੜ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ | ਤੀਸਰੇ ਨੰਬਰ 'ਤੇ 17 ਸਾਲਾ ਦੀ ਲੜਕੀ ਜਿਸ ਦਾ ਇਕ ਲੜਕੇ ਨਾਲ ਪਿਆਰ ਹੋ ਗਿਆ ਸੀ, ਪੁਲਿਸ ਨੇ ਇਸ ਨੂੰ ਭਲਸਵਾ ਡੇਅਰੀ ਤੋਂ ਬਰਾਮਦ ਕਰਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ | ਦਿੱਲੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਪ੍ਰਤੀ ਹਮੇਸ਼ਾ ਸੁਚੇਤ ਰਹਿੰਦੇ ਹੋਏ ਉਨ੍ਹਾਂ ਦੀ ਦੇਖ-ਭਾਲ ਕਰੇ |