ਨਵੀਂ ਦਿੱਲੀ, 26 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਅਤੇ ਐਨ.ਸੀ.ਆਰ. ਦੇ ਵਿਚ ਸੀ.ਐਨ.ਜੀ. ਦੀ ਕੀਮਤ ਵਿਚ ਦੋ ਰੁਪਏ ਦਾ ਵਾਧਾ ਕੀਤਾ ਗਿਆ ਹੈ | ਪਿਛਲੇ 12 ਦਿਨਾਂ ਦੇ ਵਿਚ ਚੌਥੀ ਵਾਰ ਹੈ, ਜਦੋਂ ਸੀ.ਐਨ.ਜੀ. ਦੀ ਕੀਮਤ ਵਧੀ ਹੈ | ਇਸ ਵਾਧੇ ਤੋਂ ਬਾਅਦ ਹੁਣ ਦਿੱਲੀ ਵਿਚ ਸੀ.ਐਨ.ਜੀ. 83.9 ਰੁਪਏ ਪ੍ਰਤੀ ਕਿੱਲੋ ਮਿਲੇਗੀ | ਇਸ ਵਧ ਰਹੀ ਕੀਮਤ ਦੇ ਪ੍ਰਤੀ ਲੋਕਾਂ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਹੈ | ਇਸ ਤਰ੍ਹਾਂ ਹੁਣ ਟਰਾਂਸਪੋਰਟ ਦੀ ਲਾਗਤ ਵਧਣ ਦੇ ਕਾਰਨ, ਮਾਲ ਢੁਆਈ ਅਤੇ ਯਾਤਰੀ ਕਿਰਾਏ 'ਤੇ ਵੀ ਅਸਰ ਪੈ ਸਕਦਾ ਹੈ | 15 ਮਈ ਨੂੰ ਸੀ.ਐਨ.ਜੀ. ਦੀ ਕੀਮਤ ਵਿਚ 2 ਰੁਪਏ ਦਾ ਵਾਧਾ ਕੀਤਾ ਗਿਆ ਸੀ | ਫਿਰ 17 ਮਈ ਨੂੰ ਇਕ ਰੁਪਏ ਦਾ ਵਾਧਾ ਕੀਤਾ ਗਿਆ ਸੀ, 23 ਮਈ ਨੂੰ ਫਿਰ ਇਕ ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ ਅੱਜ 26 ਮਈ ਨੂੰ ਸੀ.ਐਨ.ਜੀ. 2 ਰੁਪਏ ਕਿਲੋ ਹੋਰ ਮਹਿੰਗੀ ਹੋ ਗਈ ਹੈ | ਮਈ ਦੇ ਮਹੀਨੇ ਵਿਚ ਹੀ ਸੀ.ਐਨ.ਜੀ. ਦੀ ਕੀਮਤ ਵਧਣੀ ਹੈਰਾਨੀ ਦੀ ਗੱਲ ਹੈ | ਆਟੋ ਰਿਕਸ਼ਾ ਅਤੇ ਟੈਕਸੀ ਚਲਾਉਣ ਵਾਲਿਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ | ਦਿੱਲੀ ਵਿਚ ਪ੍ਰਤੀ ਕਿਲੋ ਸੀ.ਐਨ.ਜੀ. 83.9 ਰੁਪਏ, ਨੋਇਡਾ ਵਿਚ 91.70 ਰੁਪਏ, ਗੁਰੂਗ੍ਰਾਮ ਵਿਚ 88.12 ਰੁਪਏ, ਫਰੀਦਾਬਾਦ ਵਿਚ 90.30 ਰੁਪਏ, ਗਾਜ਼ੀਆਬਾਦ ਵਿਚ 91.70 ਰੁਪਏ ਹੋਈ ਹੈ |