ਨਵੀਂ ਦਿੱਲੀ, 26 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੰਜਾਬੀ ਬਾਗ਼ ਥਾਣੇ ਦੀ ਪੁਲਿਸ ਅਤੇ ਅਪਰਾਧ ਸ਼ਾਖਾ ਨੇ ਇਕ 13 ਸਾਲ ਪੁਰਾਣੇ ਮਾਮਲੇ ਦਾ ਪਤਾ ਲਗਾ ਕੇ ਸੂਰਤ (ਗੁਜਰਾਤ) ਤੋਂ 50 ਹਜ਼ਾਰ ਦਾ ਇਨਾਮੀ ਭਗੌੜਾ ਗਿ੍ਫ਼ਤਾਰ ਕਰ ਲਿਆ ਹੈ | ਇਸ ਭਗੌੜੇ ਮੁਲਜ਼ਮ ਦਾ ਨਾਂਅ ਹਿੰਮਤ ਸਿੰਘ ਲੋਢਾ ਉਰਫ਼ ਕਪਿਲ ਵਰਮਾ ਉਰਫ਼ ਕੈਲਾਸ਼ ਜੈਨ ਹੈ | ਇਹ ਆਪਣੇ ਵੱਖ-ਵੱਖ ਨਾਵਾਂ ਨੂੰ ਵੱਖ-ਵੱਖ ਥਾਵਾਂ 'ਤੇ ਵਰਤ ਕੇ ਉਸ ਦਾ ਲਾਭ ਉਠਾਉਂਦਾ ਸੀ | ਇਸ ਮੁਲਜ਼ਮ ਪੁਲਿਸ ਦੀ ਗਿ੍ਫ਼ਤਾਰੀ ਤੋਂ ਬਚਣ ਲਈ ਥਾਂ ਵੀ ਬਦਲਦਾ ਸੀ ਅਤੇ ਨਾਂਅ ਵੀ ਬਦਲ ਲੈਂਦਾ ਸੀ | ਇਸ ਦੀ ਪੁਲਿਸ ਲਗਾਤਾਰ ਭਾਲ ਕਰਦੀ ਸੀ, ਪਰ ਪੁਲਿਸ ਦੇ ਇਹ ਹੱਥੀ ਨਹੀਂ ਚੜਿ੍ਹਆ | ਰਾਣੀ ਬਾਗ਼ ਥਾਣੇ ਵਿਚ ਵੀ ਇਸ ਖ਼ਿਲਾਫ਼ ਕੇਸ ਚੱਲ ਰਿਹਾ ਹੈ | ਇਹ ਮੁਲਜ਼ਮ ਆਪਣੇ ਆਪ ਨੂੰ ਇਕ ਅਸਲੀ ਫ਼ਾਰਮਾਸਿਊਟੀਕਲ ਵਪਾਰੀ ਜੋ ਪੇਸ਼ ਕਰਦਾ ਸੀ ਅਤੇ ਨਕਲੀ ਪਹਿਚਾਣ ਅਤੇ ਨਕਲੀ ਪ੍ਰਮਾਣ ਪੱਤਰਾਂ ਦੀ ਵਰਤੋਂ ਕਰ ਕੇ ਕੰਪਨੀਆਂ ਨਾਲ ਵਪਾਰਕ ਸੰਬੰਧ ਸਥਾਪਿਤ ਕਰਦਾ ਸੀ | ਫਰਮਾਂ ਦਾ ਵਿਸ਼ਵਾਸ ਹਾਸਿਲ ਕਰਨ ਤੋਂ ਬਾਅਦ ਇਹ ਫ਼ਾਰਮਾਸਿਊਟੀਕਲ ਦੇ ਕੱਚੇ ਮਾਲ ਦੇ ਵੱਡੇ ਆਰਡਰ ਦਿੰਦਾ ਸੀ ਅਤੇ ਭੁਗਤਾਨ ਲਈ ਨਕਲੀ ਪੋਸਟ ਡੇਟਿਡ ਚੈੱਕ ਜਾਰੀ ਕਰਦਾ ਸੀ | ਇਹ ਮਾਲ ਪ੍ਰਾਪਤ ਕਰਨ ਤੋਂ ਬਾਅਦ ਆਪਣਾ ਦਫ਼ਤਰ ਬੰਦ ਕਰ ਦਿੰਦਾ ਸੀ ਅਤੇ ਦਫ਼ਤਰ ਖ਼ਾਲੀ ਕਰ ਦਿੰਦਾ ਸੀ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਫ਼ਰਾਰ ਹੋ ਜਾਂਦਾ ਸੀ ਅਤੇ ਪਹਿਚਾਣ ਵੀ ਬਦਲ ਲੈਂਦਾ ਸੀ | ਇਹ ਸੂਰਤ ਅਤੇ ਮੁੰਬਈ ਵਿਚ ਜਾਇਦਾਦ ਦੇ ਲੈਣ-ਦੇਣ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਸੀ | ਬਾਲ ਫ਼ਾਰਮਾ ਲਿਮ. ਨੇ ਇਸ ਦੀ ਸ਼ਿਕਾਇਤ ਪੰਜਾਬੀ ਬਾਗ਼ ਥਾਣੇ ਵਿਚ ਕੀਤੀ ਸੀ | ਪੁਲਿਸ ਨੇ ਤਕਨੀਕੀ ਨਿਗਰਾਨੀ ਤੇ ਇੰਟੈਂਲੀਜੈਂਸ ਅਤੇ ਮੁਖ਼ਬਰਾਂ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰ ਲਿਆ | ਇਸ ਕੋਲੋਂ ਪੁਲਿਸ ਅਜੇ ਪੁੱਛ-ਪੜਤਾਲ ਕਰ ਰਹੀ ਹੈ |