ਸਿਰਸਾ, 1 ਜੂਨ (ਭੁਪਿੰਦਰ ਪੰਨੀਵਾਲੀਆ)- ਲੋਕ ਪੰਚਾਇਤ ਜ਼ਿਲ੍ਹਾ ਸਿਰਸਾ ਦੀ ਇੱਕ ਮੀਟਿੰਗ ਨਾਮਧਾਰੀ ਗੁਰਦੁਆਰਾ ਰਾਣੀਆਂ 'ਚ ਬਲਦੇਵ ਸਿੰਘ ਅÏਲਖ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਵੱਧੀਆਂ ਕੀਮਤਾਂ ਦੀ ਨਿੰਦਾ ਕਰਦਿਆਂ ਸਰਕਾਰ ਤੋਂ ਵੱਧੀਆਂ ਕੀਮਤਾਂ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਚਾਇਤ ਦੇ ਆਗੂ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਦੇ ਦਬਾਅ ਹੇਠ ਆ ਕੇ ਰੂਸ ਤੇ ਇਰਾਨ ਤੋਂ ਸਸਤਾ ਤੇਲ ਖਰੀਦਣ ਦੀ ਬਜਾਏ ਮਹਿੰਗੇ ਭਾਅ 'ਤੇ ਖਰੀਦੇ ਕੇ ਲੋਕਾਂ ਨੂੰ ਮਹਿੰਗੇ ਭਾਅ 'ਤੇ ਦੇ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ | ਸਰਕਾਰ ਦੇ ਆਤਮਨਿਰਭਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋਏ ਹਨ | ਉਨ੍ਹਾਂ ਨੇ ਕਿਹਾ ਕਿ ਹਿਸਾਰ ਡਰੇਨ ਦਾ ਪਾਣੀ ਜੋ ਹੁਣ ਘੱਗਰ ਨਦੀ 'ਚ ਪਾਇਆ ਜਾਣਾ ਹੈ, ਉਸ ਨੂੰ ਟਰੀਟ ਕਰਕੇ ਪਾਇਆ ਜਾਏ ਨਹੀਂ ਤਾਂ ਸਿਰਸਾ ਖੇਤਰ 'ਚ ਕੈਂਸਰ ਹੋਰ ਵੀ ਜਿਆਦਾ ਗੰਭੀਰ ਰੂਪ 'ਚ ਫੈਲਣ ਦੀ ਖਦਸ਼ਾ ਹੈ | ਉਨ੍ਹਾਂ ਨੇ ਕਿਹਾ ਕਿ ਘੱਗਰ ਨਾਲੀ 'ਚ ਹਰਿਆਣਾ, ਪੰਜਾਬ, ਹਿਮਾਚਲ ਦੀਆਂ ਫੈਕਟਰੀਆਂ ਅਤੇ ਸਿਵਰੋ ਦਾ ਪਾਣੀ ਸਾਫ ਕਰਕੇ ਪਾਇਆ ਜਾਏ ਤੇ ਘੱਗਰ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾਏ | ਉਨ੍ਹਾਂ ਨੇ ਸੜਕੀਂ ਹਾਦਸਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੜਕਾਂ ਕਿਨਾਰੇ ਗੈਰ-ਕਾਨੂੰਨੀ ਤੌਰ 'ਤੇ ਕੀਤੇ ਕਬਜ਼ਿਆਂ ਨੂੰ ਹਟਾਇਆ ਜਾਏ | ਝਾੜੀਆਂ ਦੀ ਕਟਾਈ ਕਰਵਾਈ ਜਾਏ | ਨਹਿਰਾਂ 'ਚ ਸਿੰਚਾਈ ਤੇ ਪੀਣ ਲਈ ਭਾਖੜਾ ਦਾ ਪਾਣੀ ਦਿੱਤਾ ਜਾਏ | ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲੇ ਕਿਸਾਨਾਂ ਨੂੰ ਤੁਰੰਤ ਰਕਮ ਮੁਹੱਈਆ ਕਰਵਾਈ ਜਾਵੇ | ਬੰਦੀ ਸਿੱਖਾਂ ਤੇ ਹੋਰ ਸਮਾਜਿਕ ਕਾਰਕੁਨਾਂ ਨੂੰ ਜੋ ਸਜਾ ਪੂਰੀ ਕਰ ਚੁੱਕੇ ਹਨ, ਤੁਰੰਤ ਰਿਹਾਅ ਕੀਤਾ ਜਾਏ | ਉਨ੍ਹਾਂ ਨੇ ਕਿਹਾ ਕਿ ਪੈਰੋਲ ਦੇ ਮਾਮਲੇ ਵਿੱਚ ਸਰਕਾਰ ਦੋਹਰੀ ਨੀਤੀ 'ਤੇ ਚਲ ਰਹੀ ਹੈ | ਇੱਕ ਪਾਸੇ ਸਜਾ ਪੂਰੀ ਕਰ ਚੁੱਕੇ ਲੋਕਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਦੂਜੇ ਪਾਸੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ | ਇਸ ਮੌਕੇ ਗੁਰਦੀਪ ਸਿੰਘ ਗੁਰਾਇਆ, ਨਿਰਮਲ ਸਿੰਘ ਬਸਰਾ, ਜਥੇਦਾਰ ਜਗਦੇਵ ਸਿੰਘ ਮੱਟਦਾਦੂ, ਗੁਰਨਾਮ ਸਿੰਘ ਝੱਬਰ, ਡਾ. ਗੁਰਚਰਨ ਸਿੰਘ, ਮਾਲਕ ਸਿੰਘ ਕੰਗ, ਲਾਲ ਸਿੰਘ ਸੰਧੂ, ਹੀਰਾ ਸਿੰਘ ਦਰਦ, ਬਲਵਿੰਦਰ ਸਿੰਘ ਵਿਰਕ, ਸੁਖਵਿੰਦਰ ਸਿੰਘ ਘੁਮਣ ਆਦਿ ਸਮੇਤ ਲੋਕ ਪੰਚਾਇਤ ਦੇ ਕਈ ਮੈਂਬਰ ਤੇ ਆਗੂ ਮੌਜੂਦ ਸਨ |