ਯਮੁਨਾਨਗਰ, 1 ਜੂਨ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਦੇ ਵਾ. ਨੰ. 12 'ਚ ਪੈਂਦੇ ਰੂਪਨਗਰ ਅਤੇ ਰਾਜੇਸ਼ ਵਿਹਾਰ ਖੇਤਰਾਂ ਸਥਾਨਕ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਅਤੇ ਮੇਅਰ ਸੁਮਨ ਬਾਹਮਣੀ ਵਲੋਂ ਅੱਜ 23.54 ਲੱਖ ਰੁ. ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਸਾਂਝੇ ਤੌਰ 'ਤੇ ਨੀਂਹ ਪੱਥਰ ਰੱਖਿਆ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਧਾਇਕ ਅਤੇ ਮੇਅਰ ਨੇ ਖੇਤਰ ਦੇ ਕੌਂਸਲਰ ਤਿਲਕ ਰਾਜ ਅਤੇ ਭਾਜਪਾ ਮੰਡਲ ਪ੍ਰਧਾਨ ਮਨੋਜ ਧੀਮਾਨ ਸਮੇਤ ਹੋਰਨਾਂ ਪਤਵੰਤਿਆਂ ਨਾਲ ਮਿਲ ਕੇ ਨਾਰੀਅਲ ਤੋੜ ਕੇ ਨਿਰਮਾਣ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਸਥਾਨਕ ਵਸਨੀਕਾਂ ਨੇ ਵਿਕਾਸ ਕਾਰਜਾਂ ਦੀ ਸ਼ੁਰੂਆਤ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਰੂਪਨਗਰ ਅਤੇ ਰਾਜੇਸ਼ ਵਿਹਾਰ 'ਚ ਗਲੀਆਂ-ਨਾਲੀਆਂ ਦੀ ਉਸਾਰੀ ਦੀ ਮੰਗ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ ਅਤੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਸਥਾਨਕ ਵਸਨੀਕਾਂ ਨੂੰ ਪਾਣੀ ਭਰਨ ਅਤੇ ਟੁੱਟੀਆਂ ਸੜਕਾਂ ਦੀਆਂ ਸਮੱਸਿਆਵਾਂ ਤੋਂ ਸਥਾਈ ਤੌਰ 'ਤੇ ਰਾਹਤ ਮਿਲੇਗੀ | ਉਨ੍ਹਾਂ ਅਧਿਕਾਰੀਆਂ ਅਤੇ ਸੰਬੰਧਿਤ ਠੇਕੇਦਾਰ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨਿਰਮਾਣ ਕਾਰਜ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾਣ | ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਗਲੀਆਂ- ਨਾਲੀਆਂ ਦੇ ਨਿਰਮਾਣ ਦੌਰਾਨ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਵਿਕਾਸ ਕਾਰਜਾਂ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕਰਨਗੇ | ਇਸੇ ਦੌਰਾਨ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਦੇ ਹਰ ਵਾਰਡ 'ਚ ਬਰਾਬਰ ਅਤੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਬਜਟ ਦੀ ਘਾਟ ਨੂੰ ਕਦੇ ਵੀ ਵਿਕਾਸ ਕਾਰਜਾਂ 'ਚ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ | ਇਸ ਮੌਕੇ ਸਥਾਨਕ ਕੌਂਸਲਰ ਤਿਲਕ ਰਾਜ ਨੇ ਇਸ ਮਹੱਤਵਪੂਰਨ ਤੋਹਫ਼ੇ ਲਈ ਮੇਅਰ ਬਾਹਮਣੀ ਅਤੇ ਵਿਧਾਇਕ ਅਰੋੜਾ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਗਲੀਆਂ ਦੇ ਨਿਰਮਾਣ ਨਾਲ ਨਾ ਸਿਰਫ਼ ਸਥਾਨਕ ਵਸਨੀਕਾਂ ਆਵਾਜਾਈ ਪੱਖੋਂ ਸੁਵਿਧਾ ਮਿਲੇਗੀ, ਬਲਕਿ ਬਰਸਾਤ ਦੇ ਮੌਸਮ ਦੌਰਾਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ | ਪ੍ਰੋਗਰਾਮ ਦੇ ਅੰਤ 'ਚ ਕਾਲੋਨੀ ਵਾਸੀਆਂ ਨੇ ਮਠਿਆਈਆਂ ਵੰਡ ਕੇ ਅਤੇ ਜਨ-ਪ੍ਰਤੀਨਿਧੀਆਂ ਦਾ ਧੰਨਵਾਦ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਨਗਰ ਨਿਗਮ ਦੇ ਜੂਨੀਅਰ ਇੰਜ. ਮਨੀਸ਼ ਚੌਹਾਨ, ਰਵੀ, ਭਾਜਪਾ ਮੰਡਲ ਜਨਰਲ ਸਕੱਤਰ ਅਜੇ ਵਰਮਾ, ਰਾਮ ਕੁਮਾਰ ਪਾਲ, ਘਣਸ਼ਿਆਮ, ਸੂਰਜ ਧੀਮਾਨ, ਯੋਗੇਸ਼ ਕੁਮਾਰ, ਵਿਭਾ ਜੈਸਵਾਲ ਤੇ ਅਨਿਲ ਪਾਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |