ਸਿਰਸਾ, 2 ਜੂਨ (ਭੁਪਿੰਦਰ ਪੰਨੀਵਾਲੀਆ)- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਜ਼ਿਲ੍ਹਾ ਇਕਾਈ ਨੇ ਮੰਗਲਵਾਰ ਨੂੰ ਦੇਸ਼ ਅਤੇ ਸੂਬੇ ਵਿੱਚ ਵਧ ਰਹੀ ਮਹਿੰਗਾਈ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ | ਇਨੈਲੋ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ ਦੀ ਪ੍ਰਧਾਨਗੀ ਹੇਠ ਹੋਏ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਡੱਬਵਾਲੀ ਦੇ ਵਿਧਾਇਕ ਆਦਿਤਿਆ ਦੇਵੀ ਲਾਲ ਅਤੇ ਰਾਣੀਆਂ ਦੇ ਵਿਧਾਇਕ ਅਰਜੁਨ ਚੌਟਾਲਾ ਸਮੇਤ ਇਨੈਲੋ ਵਰਕਰ ਵੱਡੀ ਗਿਣਤੀ 'ਚ ਮੌਜੂਦ ਸਨ | ਇਨੈਲੋ ਵਰਕਰ ਤੇ ਆਗੂ ਅੱਜ ਸਵੇਰੇ ਬਰਨਾਲਾ ਰੋਡ 'ਤੇ ਸਥਿਤ ਸਰਕਾਰੀ ਰੈਸਟ ਹਾਊਸ ਦੇ ਬਾਹਰ ਇਕੱਠੇ ਹੋਏ ਜਿਥੋਂ ਉਹ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮਿੰਨੀ ਸਕੱਤਰੇਤ ਦੇ ਮੁੱਖ ਗੇਟ 'ਤੇ ਪੁੱਜੇ | ਵਿਰੋਧ ਪ੍ਰਦਰਸ਼ਨ ਵਿੱਚ ਇਕੱਠੇ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਡੱਬਵਾਲੀ ਦੇ ਵਿਧਾਇਕ ਆਦਿਤਿਆ ਦੇਵੀ ਲਾਲ ਅਤੇ ਰਾਣੀਆਂ ਦੇ ਵਿਧਾਇਕ ਅਰਜੁਨ ਚੌਟਾਲਾ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਪੈਟਰੋਲੀਅਮ ਉਤਪਾਦਾਂ, ਐਲਪੀਜੀ ਦੀਆਂ ਕੀਮਤਾਂ ਲਗਾਤਾਰ ਵਧੀਆਂ ਹਨ, ਜਿਸ ਨਾਲ ਆਮ ਲੋਕਾਂ ਦਾ ਜੀਵਨ ਵਿਗੜ ਰਿਹਾ ਹੈ ਅਤੇ ਉਨ੍ਹਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਵਧਦੀਆਂ ਈਾਧਨ ਕੀਮਤਾਂ ਦਾ ਸਿੱਧਾ ਪ੍ਰਭਾਵ ਸਿਰਫ਼ ਡਰਾਈਵਿੰਗ ਤੱਕ ਹੀ ਸੀਮਤ ਨਹੀਂ ਹੈ, ਸਗੋਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਤੇ ਵੀ ਪੈਂਦਾ ਹੈ | ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਸਭ ਤੋਂ ਵੱਧ ਪ੍ਰਭਾਵ ਆਵਾਜਾਈ ਪ੍ਰਣਾਲੀ ਦੇ ਨਾਲ ਨਾਲ ਕਿਸਾਨਾਂ 'ਤੇ ਪੈਂਦਾ ਹੈ, ਕਿਉਂਕਿ ਟਰੱਕ, ਬੱਸਾਂ, ਟਰੈਕਟਰ ਅਤੇ ਮਾਲਵਾਹਕ ਵਾਹਨ ਮੁੱਖ ਤੌਰ 'ਤੇ ਡੀਜ਼ਲ 'ਤੇ ਚੱਲਦੇ ਹਨ | ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪੈਟਰੋਲੀਅਮ ਕੀਮਤਾਂ ਵਿੱਚ ਵਾਧੇ ਕਾਰਨ, ਟਰਾਂਸਪੋਰਟਰਾਂ ਨੇ ਆਪਣੇ ਕਿਰਾਏ ਵੀ 10 ਪ੍ਰਤੀਸ਼ਤ ਤੱਕ ਵਧਾ ਦਿੱਤੇ ਹਨ, ਜਿਸ ਕਾਰਨ ਫਲ, ਸਬਜ਼ੀਆਂ, ਦੁੱਧ, ਦਹੀਂ, ਘਿਓ, ਡੇਅਰੀ ਉਤਪਾਦਾਂ ਅਤੇ ਅਨਾਜ ਦੀਆਂ ਕੀਮਤਾਂ ਵੱਧ ਗਈਆਂ ਹਨ | ਉਨ੍ਹਾਂ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ, ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ, ਨਿਰਮਾਣ ਸਮੱਗਰੀ, ਕੱਪੜੇ, ਦਵਾਈਆਂ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧੀਆਂ ਹਨ | ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਉਦਯੋਗ ਅਤੇ ਕਾਰੋਬਾਰ ਪਹਿਲਾਂ ਹੀ ਪੂਰੀ ਤਰ੍ਹਾਂ ਪਟੜੀ ਤੋਂ ਉਤਰ ਚੁੱਕੇ ਹਨ, ਜਿਸ ਕਾਰਨ ਨੌਜਵਾਨ ਪਹਿਲਾਂ ਹੀ ਗੰਭੀਰ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ ਕਿਸਾਨ ਅਤੇ ਮਜ਼ਦੂਰ ਆਪਣੀਆਂ ਫਸਲਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਘਾਟੇ ਵਿੱਚ ਰਹਿਣ ਲਈ ਮਜਬੂਰ ਹਨ | ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਨਹੀਂ ਦਿੰਦੀ ਤਾਂ ਉਨ੍ਹਾਂ ਦਾ ਜੀਵਨ ਮੁਸ਼ਕਲ ਹੋ ਜਾਵੇਗਾ | ਇਸ ਮੌਕੇ ਇਨੈਲੋ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ, ਗੁਰਵਿੰਦਰ ਸਿੰਘ ਗਿੱਲ ਸਰਪੰਚ, ਹੁਸ਼ਿਆਰ ਸਿੰਘ ਖੋਡ, ਹਰਮੀਤ ਸਿੰਘ ਪੰਡੋਰੀਵਾਲਾ, ਮੰਦਰ ਸਿੰਘ ਸਰਾਂ, ਜਸਵਿੰਦਰ ਸਿੰਘ ਬਿੰਦੂ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੰਗਾ ਰਾਮ ਢਾਕਾ, ਇਨੈਲੋ ਮਹਿਲਾ ਜ਼ਿਲ੍ਹਾ ਪ੍ਰਧਾਨ ਸੁਭਦਰਾ ਸ਼ੀਲੂ, ਰਣਧੀਰ ਜੋਧਕਾਂ, ਸੁਰੇਸ਼ ਦੜ੍ਹਬਾ, ਧਰਮਵੀਰ ਨੈਨ ਆਦਿ ਸਮੇਤ ਇਨੈਲੋ ਦੇ ਕਈ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਮੌਜੂਦ ਸਨ |
ਸਿਰਸਾ 'ਚ ਇਨੈਲੋ ਵਲੋਂ ਮਹਿੰਗਾਈ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਇਨੈਲੋ ਆਗੂ | ਤਸਵੀਰ : ਪੰਨੀਵਾਲੀਆ<br/>
03-06-2026