ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਨਵਾਂ ਅਸ਼ੋਕ ਨਗਰ ਦਿੱਲੀ ਥਾਣੇ ਦੀ ਪੁਲਿਸ ਨੇ ਦੋ ਲੁਟੇਰਿਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਵਰੁਣ ਸ਼ਰਮਾ (23), ਇਦਰਾ ਵਿਹਾਰ, ਗਾਜ਼ੀਆਬਾਦ ਅਤੇ ਆਦਿਲ (23), ਖੇਰਾ ਕਾਲੋਨੀ, ਗਾਜ਼ੀਆਬਾਦ ਹਨ | ਇਨ੍ਹਾਂ ਕੋਲੋਂ ਪੁਲਿਸ ਨੇ ਕਿ ਸਕੂਟਰੀ ਅਤੇ ਤਿੰਨ ਮੋਬਾਈਲ ਬਰਾਮਦ ਕੀਤੇ ਹਨ | ਇਨ੍ਹਾਂ 'ਤੇ ਵੱਖ-ਵੱਖ ਥਾਣਿਆਂ ਵਿਚ 12 ਮਾਮਲੇ ਪਹਿਲਾਂ ਹੀ ਦਰਜ ਹਨ | ਪੁਲਿਸ ਕੋਲ ਮੋਬਾਈਲ ਝਪਟਣ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਕਰ ਕੇ ਪੁਲਿਸ ਨੇ ਝਪਟਮਾਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਅਤੇ ਇਲਾਕੇ ਵਿਚ ਨਿਗਰਾਨੀ ਅਤੇ ਗਸ਼ਤ ਕਰਨੀ ਸ਼ੁਰੂ ਕੀਤੀ | ਪੁਲਿਸ ਨੇ ਇਲਾਕਿਆਂ ਵਿਚ ਲੱਗੇ ਸੀ.ਸੀ.ਟੀ.ਵੀ. ਦੀਆਂ ਫੁਟੇਜ ਵੇਖੀਆਂ, ਤਕਨੀਕੀ ਨਿਗਰਾਨੀ ਰੱਖੀ ਅਤੇ ਹੋਰ ਸੂਚਨਾਵਾਂ ਦੇ ਆਧਾਰ 'ਤੇ ਇਨ੍ਹਾਂ ਲੁਟੇਰਿਆਂ ਦੀ ਪਹਿਚਾਣ ਕਰ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ | ਇਨ੍ਹਾਂ ਤੋਂ ਚੋਰੀ ਕੀਤੀ ਸਕੂਟਰੀ ਵੀ ਬਰਾਮਦ ਕਰ ਲਈ ਹੈ ਅਤੇ ਨਾਲ ਹੀ ਅਪਰਾਧਿਕ ਮਾਮਲਿਆਂ ਪ੍ਰਤੀ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ | ਫੜੇ ਗਏ ਲੁਟੇਰਿਆਂ ਨੇ ਝਪਟਮਾਰੀ ਦੇ ਮਾਮਲਿਆਂ ਵਿਚ ਸ਼ਾਮਿਲ ਹੋਣ ਦੀ ਗੱਲ ਪੁਲਿਸ ਕੋਲ ਮੰਨੀ ਹੈ |