ਫ਼ਤਿਹਾਬਾਦ, 6 ਜੂਨ (ਹਰਬੰਸ ਸਿੰਘ ਮੰਡੇਰ)- 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਪੁਲਿਸ ਪ੍ਰਸ਼ਾਸਨ ਅਤੇ ਆਯੂਸ਼ ਵਿਭਾਗ ਦੀ ਸਾਂਝੀ ਅਗਵਾਈ ਹੇਠ ਪੁਲਿਸ ਲਾਈਨ ਵਿਚ ਜ਼ਿਲ੍ਹਾ ਪੱਧਰੀ ਯੋਗ ਪ੍ਰੋਟੋਕੋਲ ਅਭਿਆਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਵਿਚ ਰਤੀਆ ਦੇ ਵਿਧਾਇਕ ਜਰਨੈਲ ਸਿੰਘ ਮੁੱਖ ਮਹਿਮਾਨ ਸਨ ਅਤੇ ਹਰਿਆਣਾ ਦੇ ਸਾਬਕਾ ਸੰਸਦੀ ਸਕੱਤਰ ਅਤੇ ਫ਼ਤਿਹਾਬਾਦ ਦੇ ਸਾਬਕਾ ਵਿਧਾਇਕ ਦੁੜਾਰਾਮ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੋੜਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਇਸ ਮੌਕੇ ਪੁਲਿਸ ਸੁਪਰਡੈਂਟ ਨਿਕਿਤਾ ਖੱਟਰ, ਏ.ਡੀ.ਸੀ. ਅਨੁਰਾਗ ਧਾਲੀਆ, ਏ.ਐਸ.ਪੀ. ਦਿਵਯਾਂਸ਼ੀ ਸਿੰਗਲਾ, ਸੀ.ਟੀ.ਐਮ. ਗੌਰਵ ਗੁਪਤਾ, ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਸੁਰੇਸ਼ ਕੁਮਾਰ ਅਤੇ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ | ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਮੂਹਿਕ ਯੋਗਾ ਦਾ ਅਭਿਆਸ ਕੀਤਾ | ਸਾਰੇ ਭਾਗੀਦਾਰਾਂ ਨੇ 'ਯੋਗ ਨਾਲ ਭਰਪੂਰ, ਨਸ਼ਾ ਮੁਕਤ ਹਰਿਆਣਾ' ਦੀ ਸਹੁੰ ਵੀ ਚੁੱਕੀ, ਜਿਸ ਦਾ ਉਦੇਸ਼ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਹੈ | ਯੋਗਾ ਮਾਹਿਰਾਂ ਦੀ ਅਗਵਾਈ ਹੇਠ ਭਾਗੀਦਾਰਾਂ ਨੇ ਸਾਂਝੇ ਯੋਗ ਪ੍ਰੋਟੋਕੋਲ ਦੇ ਹਿੱਸਾ ਲਿਆ ਇਸ ਮੌਕੇ ਵੱਖ-ਵੱਖ ਯੋਗ ਅਭਿਆਸ ਵੀ ਕੀਤੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਿਹਤ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ | ਪ੍ਰੋਗਰਾਮ ਦੌਰਾਨ ਯੋਗਾ ਦੇ ਸਰੀਰਕ ਮਾਨਸਿਕ ਅਤੇ ਅਧਿਆਤਮਿਕ ਮਹੱਤਵ ਨੂੰ ਵੀ ਉਜਾਗਰ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਨਿਯਮਤ ਯੋਗਾ ਅਭਿਆਸ ਕਰਨ ਨਾਲ ਤਣਾਅ ਮੁਕਤ, ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਇਕ ਸਕਾਰਾਤਮਿਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਕਰਦਾ ਹੈ | ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਰੁੱਖਾਂ ਦੇ ਬੂਟੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਪ੍ਰਵੀਨ ਸ਼ਰਮਾ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਅਤੇ ਅਨਮੋਲ ਵਿਰਾਸਤ ਹੈ, ਜੋ ਕਿਸੇ ਵੀ ਵਿਅਕਤੀ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਉਨ੍ਹਾਂ ਅੱਗੇ ਕਿਹਾ ਕਿ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਫਲ ਜਸ਼ਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਭਰ ਵਿੱਚ ਨਿਯਮਤ ਯੋਗ ਪ੍ਰੋਟੋਕੋਲ ਅਭਿਆਸ ਜਾਗਰੂਕਤਾ ਪ੍ਰੋਗਰਾਮ ਅਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਜ ਦੇ ਹਰ ਵਰਗ ਤੱਕ ਯੋਗ ਦਾ ਸੰਦੇਸ਼ ਪਹੁੰਚਾ ਕੇ ਇੱਕ ਸਿਹਤਮੰਦ, ਖ਼ੁਸ਼ਹਾਲ ਅਤੇ ਬਿਮਾਰੀ ਮੁਕਤ ਭਾਰਤ ਦੇ ਨਿਰਮਾਣ ਵਿਚ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ |