ਯਮੁਨਾਨਗਰ, 9 ਜੂਨ (ਗੁਰਦਿਆਲ ਸਿੰਘ ਨਿਮਰ)-ਸਮਾਧਾਨ ਕੈਂਪ 'ਚ ਆਉਣ ਵਾਲੇ ਹਰੇਕ ਬਿਨੈਕਾਰ ਦੀਆਂ ਸਮੱਸਿਆਵਾਂ ਨੂੰ ਮੌਕੇ 'ਤੇ ਹੀ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ | ਇਹ ਪ੍ਰਗਟਾਵਾ ਕਰਦੇ ਹੋਏ ਸਿਟੀ ਮੈਜਿਸਟ੍ਰੇਟ ਪੀਯੂਸ਼ ਗੁਪਤਾ ਨੇ ਕਿਹਾ ਕਿ ਰਾਜ ਸਰਕਾਰ ਦੇ ਹੁਕਮਾਂ ਅਨੁਸਾਰ ਜਨਤਕ ਸਮੱਸਿਆਵਾਂ ਦੇ ਜਲਦੀ ਹੱਲ ਪ੍ਰਦਾਨ ਕਰਨ ਲਈ ਲਗਾਏ ਜਾ ਰਹੇ ਸਮਾਧਾਨ ਕੈਂਪਾਂ ਵਿਚ ਬਦਲਾਅ ਕੀਤੇ ਗਏ ਹਨ | ਇਹ ਕੈਂਪ ਹੁਣ ਹਫ਼ਤੇ ਵਿਚ ਦੋ ਵਾਰ ਸੋਮਵਾਰ ਅਤੇ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ 'ਤੇ ਲਗਾਏ ਜਾ ਰਹੇ ਹਨ | ਜ਼ਿਲ੍ਹਾ ਸਕੱਤਰੇਤ ਦੇ ਆਡੀਟੋਰੀਅਮ 'ਚ ਸਿਟੀ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਅੱਜ ਲਗਾਏ ਗਏ ਸਮਾਧਾਨ ਕੈਂਪ ਵਿਚ ਚਾਰ ਸ਼ਿਕਾਇਤਾਂ ਪ੍ਰਾਪਤ ਹੋਈਆਂ | ਇਸ ਮੌਕੇ ਡੀ. ਡੀ. ਪੀ. ਓ. ਨਰਿੰਦਰ ਸਿੰਘ, ਨਾਇਬ ਤਹਿਸੀਲਦਾਰ ਅਮਿਤ ਕੁਮਾਰ, ਡਿਪਟੀ ਕਮਿਸ਼ਨਰ ਦਫ਼ਤਰ ਦੇ ਸੁਪਰਡੈਂਟ ਅਤੁਲ ਕੁਮਾਰ, ਸਮਾਧਾਨ ਕੈਂਪ ਦੇ ਵਿਸ਼ੇਸ਼ ਮੈਂਬਰ ਜਗਦੀਸ਼ ਬੱਬਰ, ਖਰੈਤੀ ਲਾਲ ਬੱਤਰਾ, ਸੁਰੇਂਦਰ ਸ਼ਰਮਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |