ਨਵੀਂ ਦਿੱਲੀ, 11 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਗੌਤਮਪੁਰੀ ਇਲਾਕੇ ਵਿਚ ਇਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ 35 ਸਾਲ ਦੀ ਔਰਤ ਆਪਣੇ ਹੀ ਘਰ ਵਿਚ ਮਿ੍ਤਕ ਵੇਖੀ ਗਈ | ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਔਰਤ ਦੀ ਲਾਸ਼ ਨੂੰ ਬਰਾਮਦ ਕਰਦੇ ਹੋਏ ਲਾਸ਼ ਦੀ ਜਾਂਚ ਕਰਨ ਲਈ ਜੇ.ਪੀ.ਸੀ. ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਪੁਲਿਸ ਦੁਆਰਾ ਸ਼ੁਰੂ ਵਿਚ ਕੀਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਔਰਤ ਦੇ ਸਿਰ ਵਿਚ ਸੱਟ ਲੱਗੀ ਹੋਈ ਹੈ, ਜਿਸ ਕਾਰਨ ਔਰਤ ਦੀ ਮੌਤ ਹੋਣ ਦਾ ਸ਼ੱਕ ਕੀਤਾ ਹੈ | ਪੁਲਿਸ ਨੇ ਔਰਤ ਦੇ ਪਤੀ 'ਤੇ ਵੀ ਸ਼ੱਕ ਕੀਤਾ ਹੈ ਜੋ ਕਿ ਉਸ ਸਮੇਂ ਘਰ ਨਹੀਂ ਸੀ | ਪੁਲਿਸ ਉਸ ਦੀ ਤਲਾਸ਼ ਵੀ ਕਰ ਰਹੀ ਹੈ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਘਟਨਾ ਵਾਲੀ ਥਾਂ ਤੋਂ ਸਬੂਤ ਵੀ ਇਕੱਠਾ ਕਰ ਰਹੀ ਹੈ | ਪੁਲਿਸ ਅਨੁਸਾਰ ਜਿੰਨੀ ਦੇਰ ਔਰਤ ਦੇ ਪਤੀ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਉਨੀਂ ਦੇਰ ਮੌਤ ਦਾ ਸਹੀ ਕਾਰਨ ਪਤਾ ਨਹੀਂ ਲੱਗੇਗਾ | ਵੈਸੇ ਵੀ ਔਰਤ ਦੀ ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਹੀ ਮੌਤ ਦੇ ਕਾਰਨ ਦਾ ਪਤਾ ਲੱਗੇਗਾ |