ਨਵੀਂ ਦਿੱਲੀ, 22 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਕਿਸਾਨ ਅੰਦੋਲਨ ਵਿਚ ਡਾ. ਸਵੈਮਾਨ ਸਿੰਘ (ਯੂ.ਐਸ.ਏ.) ਦੁਆਰਾ ਮੈਡੀਕਲ ਕੈਂਪ ਲਗਾ ਕੇ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦੇ ਕੇ ਵੱਡਾ ਯੋਗਦਾਨ ਪਾਇਆ ਸੀ। ਹੁਣ ਇਨ੍ਹਾਂ ਵਲੋਂ ਜੰਤਰ ਮੰਤਰ ’ਤੇ ਧਰਨਾ ਪ੍ਰਦਰਸ਼ਨ ਵਿਚ ਸ਼ਾਮਿਲ ਵਿਦਿਆਰਥੀਆਂ ਲਈ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਜਿਸ ਵਿਚ ਡਾਕਟਰ, ਨਰਸਾਂ ਤੇ ਹੋਰ ਸਟਾਫ ਸੇਵਾ ਕਰ ਰਿਹਾ ਹੈ। ਕੈਂਪ ਵਿਚ ਹਰ ਬਿਮਾਰੀ ਦੇ ਡਾਕਟਰ ਮੌਜੂਦ ਹਨ। ਕੈਂਪ ਦੌਰਾਨ ਮੈਡੀਕਲ ਟੀਮ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੇਵਾ ਵਿਚ ਲੱਗੇ ਹੋਏ ਹਨ ਅਤੇ ਉਨ੍ਹਾਂ ਕੋਲ ਦਵਾਈਆਂ ਦਾ ਭੰਡਾਰ ਹੈ। ਮਰੀਜ਼ਾਂ ਦੀ ਬਿਮਾਰੀ ਦੇ ਅਨੁਸਾਰ ਦਵਾਈ ਦਿੱਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਵਿਦਿਆਰਥੀ ਦੀ ਜ਼ਿਆਦਾ ਹਾਲਤ ਖ਼ਰਾਬ ਹੁੰਦੀ ਹੈ ਤਾਂ ਉਸ ਨੂੰ ਐਬੂਲੈਂਸ ਵੈਨ ਰਾਹੀਂ ਹਸਪਤਾਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੂਰੀ ਮੈਡੀਕਲ ਟੀਮ ਪੂਰੀ ਤਰ੍ਹਾਂ ਸੇਵਾ ਪ੍ਰਤੀ ਸਮਰਪਿਤ ਹੈ ਅਤੇ ਇਹ ਸੇਵਾ ਜਾਰੀ ਰਹੇਗੀ। ਵਰਨਣਯੋਗ ਹੈ ਕਿ ਇਸ ਕੈਂਪ ਵਿਚ ਪ੍ਰਦਰਸ਼ਨਕਾਰੀ ਲਗਾਤਾਰ ਆ ਰਹੇ ਹਨ ਅਤੇ ਆਪਣੀ ਤਕਲੀਫ਼ ਦੱਸ ਕੇ ਇੱਥੋਂ ਦਵਾਈ ਲੈ ਰਹੇ ਹਨ। ਡਾਕਟਰਾਂ ਵਿਚ ਐਮ.ਬੀ.ਬੀ.ਐਸ., ਐਮ.ਡੀ. ਅਤੇ ਹੋਰਨਾਂ ਬਿਮਾਰੀਆਂ ਦੇ ਮਾਹਰ ਡਾਕਟਰ ਸ਼ਾਮਿਲ ਹਨ।