ਨਵੀਂ ਦਿੱਲੀ, 22 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਬਾਰਿਸ਼ ਦੇ ਦੌਰਾਨ ਦਿੱਲੀ ਨੂੰ ਪਾਣੀ ਭਰ ਜਾਣ ਤੋਂ ਬਚਾਉਣ ਲਈ ਦਿੱਲੀ ਨਗਰ ਨਿਗਮ ਨੇ ਹਰ ਪੱਖ ਤੋਂ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ ਹਨ ਅਤੇ ਨਾਲ ਹੀ ਨਿਗਰਾਨੀ ਵੀ ਰੱਖੀ ਹੋਈ ਹੈ। ਨਗਰ ਨਿਗਮ ਦੇ ਉੱਚ ਅਧਿਕਾਰੀ ਵੱਖ-ਵੱਖ ਥਾਵਾਂ ’ਤੈ ਜਾ ਕੇ ਨਿਰੀਖਣ ਕਰ ਰਹੇ ਹਨ। ਦਿੱਲੀ ਦੇ 13 ਜ਼ਿਲ੍ਹਿਆਂ ਵਿਚ ਸਮਿਤੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਦਾ ਮੁੱਖ ਤੌਰ ’ਤੇ ਉਦੇਸ਼ ਪਾਣੀ ਭਰ ਜਾਣ ਨੂੰ ਰੋਕਣਾ ਹੈ, ਸਿੰਚਾਈ ਅਤੇ ਹੜ੍ਹ ਨਿਯੰਤਰਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਇਕ ਆਦੇਸ਼ ਜਾਰੀ ਕੀਤਾ ਹੈ ਜਿਸ ਦੇ ਵਿਚ ਕਿਹਾ ਗਿਆ ਹੈ ਕਿ ਹਰੇਕ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀ. ਐਮ.) ਸਮਿਤੀ ਦੇ ਮੁਖੀ ਹੋਣਗੇ ਅਤੇ ਸਮਿਤੀ ਵਿਚ ਉਪ ਕਮਿਸ਼ਨਰ, ਸਿੰਚਾਈ ਅਤੇ ਹੜ੍ਹ ਨਿਯੰਤਰਣ ਵਿਭਾਗ ਦੇ ਉੱਚ ਅਧਿਕਾਰੀ, ਪੀ. ਡਬਲਯੂ. ਡੀ. ਦੇ ਉੱਚ ਅਧਿਕਰੀ, ਨਗਰ ਨਿਗਮ ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ, ਦਿੱਲੀ ਛਾਉਣੀ ਬੋਰਡ ਦੇ ਉੱਚ ਅਧਿਕਾਰੀ ਤੋਂ ਇਲਾਵਾ ਸੰਬੰਧਿਤ ਜ਼ਿਲ੍ਹੇ ਦੇ ਵਧੀਕ ਪੁਲਿਸ ਉਪ ਕਮਿਸ਼ਨਰ (ਟਰੈਫਿਕ) ਆਦਿ ਸ਼ਾਮਿਲ ਹੋਣਗੇ।