ਰਤੀਆ, 29 ਜੁਲਾਈ (ਬੇਅੰਤ ਕੌਰ ਮੰਡੇਰ)- ਪੰਜਾਬੀ ਸਾਹਿਤ ਦੇ ਪ੍ਰਸਿੱਧ ਗ਼ਜ਼ਲਕਾਰ, ਕਹਾਣੀਕਾਰ, ਸਾਹਿਤ ਆਲੋਚਕ ਅਤੇ ਬਹੁਵਿਧਾਈ ਲੇਖਕ ਮਾਲਵਿੰਦਰ ਸ਼ਾਇਰ (ਬਰਨਾਲਾ) ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਗਹਿਰੇ ਸੋਗ ਦੀ ਲਹਿਰ ਦੌੜ ਗਈ ਹੈ। ਲੋਕ ਚੇਤਨਾ ਮੰਚ ਹਰਿਆਣਾ ਦੇ ਚੇਅਰਮੈਨ ਅਤੇ ਭਾਰਤ ਪ੍ਰਧਾਨ ਓ. ਐਫ. ਸੀ. ਕੈਨੇਡਾ ਡਾ. ਨਾਇਬ ਸਿੰਘ ਮੰਡੇਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਲਵਿੰਦਰ ਸ਼ਾਇਰ ਨੇ ਪੰਜਾਬੀ ਸਾਹਿਤ ਨੂੰ ਗ਼ਜ਼ਲ, ਹਜ਼ਲ, ਮਿੰਨੀ ਕਹਾਣੀ, ਕਵਿਤਾ ਅਤੇ ਸਾਹਿਤ ਆਲੋਚਨਾ ਦੇ ਖੇਤਰ ‘ਚ ਮਹੱਤਵਪੂਰਨ ਯੋਗਦਾਨ ਦਿੱਤਾ। ਉਹ ਸਾਦਗੀ, ਮਿਲਾਪੜੇ ਸੁਭਾਅ ਅਤੇ ਸਾਹਿਤ ਪ੍ਰਤੀ ਸਮਰਪਿਤ ਸੋਚ ਵਾਲੇ ਲੇਖਕ ਸਨ। ਉਨ੍ਹਾਂ ਨੇ ਵੱਖ-ਵੱਖ ਅਖ਼ਬਾਰਾਂ ਵਿਚ ਸਬ-ਐਡੀਟਰ ਵਜੋਂ ਵੀ ਬੜੀ ਨਿਸ਼ਠਾ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਡਾ. ਮੰਡੇਰ ਨੇ ਦੱਸਿਆ ਕਿ ਮਾਲਵਿੰਦਰ ਸ਼ਾਇਰ ਓ.ਐੱਫ.ਸੀ. ਕੈਨੇਡਾ ਦੇ ਉਪ ਪ੍ਰਧਾਨ ਅਤੇ ਲੋਕ ਚੇਤਨਾ ਮੰਚ ਹਰਿਆਣਾ ਦੇ ਸਰਗਰਮ ਮੈਂਬਰ ਵੀ ਸਨ। ਉਨ੍ਹਾਂ ਦੀ ਸਾਹਿਤਕ ਸੇਵਾ ਅਤੇ ਨਿਮਰ ਸ਼ਖ਼ਸੀਅਤ ਸਦਾ ਯਾਦ ਰਹੇਗੀ। ਉਨ੍ਹਾਂ ਦੀ ਬੇਟੀ ਵੀ ਅੰਗਰੇਜ਼ੀ ਦੀ ਪ੍ਰਸਿੱਧ ਲੇਖਕਾ ਹੈ, ਜਿਸ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਮਾਲਵਿੰਦਰ ਸ਼ਾਇਰ ਦੇ ਅਕਾਲ ਚਲਾਣੇ ‘ਤੇ ਲੋਕ ਚੇਤਨਾ ਮੰਚ ਹਰਿਆਣਾ ਦੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਚਿੱਤਰਕਾਰ, ਮੁੱਖ ਸਲਾਹਕਾਰ ਤੇਜਿੰਦਰ ਸਿੰਘ ਔਜਲਾ, ਪ੍ਰਧਾਨ ਕੈਪਟਨ ਗੁਰਮੁੱਖ ਸਿੰਘ ਭੁੱਲਰ, ਹੈਪੀ ਸਿੰਘ ਸੇਠੀ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ।