ਨਗਰ ਪਾਲਿਕਾ ਨੇ ਸ਼ਿਕਾਇਤ ਦੇ ਆਧਾਰ ’ਤੇ ਖੂਹ ਵਾਲਾ ਬਾਜ਼ਾਰ ’ਚੋਂ ਨਾਜਾਇਜ਼ ਕਬਜ਼ੇ ਹਟਾਏ
ਕਾਲਾਂਵਾਲੀ/ਸਿਰਸਾ, 12 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕਾ ਪ੍ਰਸ਼ਾਸਨ ਨੇ ਸ਼ਹਿਰ ਦੇ ਖੂਹ ਵਾਲਾ ਬਾਜ਼ਾਰ ਵਿੱਚ ਨਾਜਾਇਜ਼ ਕਬਜ਼ਾ ਹਟਾਉਣ ਦੀ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਪ੍ਰਸ਼ਾਸਨ ਨੇ ਹਰੇ ਦੀ ਟਾਲ ਅਤੇ ਮਸ਼ੀਨਾਂ ਸਮੇਤ ਹੋਰ ਸਮਾਨ ਹਟਾ ਦਿੱਤਾ ਅਤੇ ਲੋਹੇ ਦੀਆਂ ਗਰਿੱਲਾਂ ਜ਼ਬਤ ਕਰ ਲਈਆਂ।
ਖ
ਖੂਹ ਵਾਲਾ ਬਾਜ਼ਾਰ ਤੋਂ ਕਬਜ਼ੇ ਹਟਾਉਣ ਲਈ ਕਾਰਵਾਈ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ। ਤਸਵੀਰ : ਪੰਨੀਵਾਲੀਆ
13-10-2026
ਕਾਲਾਂਵਾਲੀ/ਸਿਰਸਾ, 12 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕਾ ਪ੍ਰਸ਼ਾਸਨ ਨੇ ਸ਼ਹਿਰ ਦੇ ਖੂਹ ਵਾਲਾ ਬਾਜ਼ਾਰ ਵਿੱਚ ਨਾਜਾਇਜ਼ ਕਬਜ਼ਾ ਹਟਾਉਣ ਦੀ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਪ੍ਰਸ਼ਾਸਨ ਨੇ ਹਰੇ ਦੀ ਟਾਲ ਅਤੇ ਮਸ਼ੀਨਾਂ ਸਮੇਤ ਹੋਰ ਸਮਾਨ ਹਟਾ ਦਿੱਤਾ ਅਤੇ ਲੋਹੇ ਦੀਆਂ ਗਰਿੱਲਾਂ ਜ਼ਬਤ ਕਰ ਲਈਆਂ। ਇਹ ਕਾਰਵਾਈ ਕਾਲਾਂਵਾਲੀ ਦੇ ਵਸਨੀਕ ਸਤੀਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਕਬਜ਼ੇ ਹਟਾਉਣ ਦੀ ਕਾਰਵਾਈ ਡਿਊਟੀ ਮੈਜਿਸਟਰੇਟ ਵੈਟਰਨਰੀ ਡਾਕਟਰ ਡਾ. ਸੰਦੀਪ ਕੰਬੋਜ ਦੀ ਅਗਵਾਈ ਹੇਠ ਕੀਤੀ ਗਈ। ਇਸ ਕਾਰਵਾਈ ਦੌਰਾਨ ਵੱਡੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਨਗਰ ਸਕੱਤਰ ਗਿਰਧਾਰੀ ਲਾਲ, ਸਹਾਇਕ ਮੈਨੇਜਰ ਸੁਮਿਤ ਕੁਮਾਰ, ਜੇ.ਈ. ਹਿਤੇਸ਼ ਯਾਦਵ ਸਮੇਤ ਕਈ ਨਗਰ ਪਾਲਿਕਾ ਕਰਮਚਾਰੀ ਤੇ ਪੁਲਿਸ ਕਰਮਚਾਰੀ ਮੌਜੂਦ ਸਨ। ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ ਨੇ ਉਪ-ਮੰਡਲ ਪ੍ਰਸ਼ਾਸਨ ਨੂੰ ਇੱਕ ਲਿਖਤੀ ਸ਼ਿਕਾਇਤ ਸੌਂਪੀ ਸੀ ਜਿਸ ਵਿਚ ਕਿਹਾ ਗਿਆ ਹੈ ਕਿ ਖੂਹ ਵਾਲਾ ਬਾਜ਼ਾਰ ਵਿਚ ਇੱਕ ਹਰੇ ਦੀ ਟਾਲ ਹੈ। ਹਰੇ ਦੀ ਟਾਲ ਦੇ ਸੰਚਾਲਕ ਨੇ ਇੱਕ ਮਹੱਤਵਪੂਰਨ ਖੇਤਰ ’ਤੇ ਨਾਜਾਇਜ਼ ਕਬਜ਼ਾ ਕੀਤਾ ਹੈ ਜਿਸ ਕਾਰਨ ਬਾਜ਼ਾਰ ਵਿਚ ਲਗਾਤਾਰ ਅਵਾਰਾ ਪਸ਼ੂਆਂ ਦੀ ਭਰਮਾਰ ਰਹਿੰਦੀ ਹੈ ਤੇ ਆਉਣ-ਜਾਣ ਵਾਲਿਆਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਅਵਾਰਾ ਪਸ਼ੂਆਂ ਵਿਚਕਾਰ ਲੜਾਈਆਂ ਨੇ ਕਈ ਵਸਨੀਕਾਂ ਨੂੰ ਜ਼ਖਮੀ ਕੀਤਾ ਹੈ ਤੇ ਬਾਜ਼ਾਰ ਵਿੱਚ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਦੂਜੇ ਪਾਸੇ ਟਾਲ ਮਾਲਿਕ ਸਵਰਨ ਸਿੰਘ ਨੇ ਦੱਸਿਆ ਕਿ ਪੂਰਾ ਸ਼ਹਿਰ ਨਜਾਇਜ਼ ਕਬਜ਼ਿਆਂ ਦੀ ਲਪੇਟ ਵਿਚ ਹੈ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸਾਹਮਣੇ ਸਥਾਈ ਤੇ ਅਸਥਾਈ ਤੌਰ ’ਤੇ ਕਈ ਫੁੱਟ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਲੋਕਾਂ ਨੇ ਆਪਣੇ ਘਰਾਂ ਦੇ ਸਾਹਮਣੇ ਚਬੂਤਰੇ ਬਣਾ ਕੇ ਸੜਕਾਂ ’ਤੇ ਵੀ ਕਬਜ਼ਾ ਕਰ ਲਿਆ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਲਗਾਤਾਰ ਸਿਰਫ਼ ਇੱਕ ਹੀ ਹਰੇ ਦੀ ਟਾਲ ਨੂੰ ਨਿਸ਼ਾਨਾ ਬਣਾਇਆ ਹੈ। ਪ੍ਰਸ਼ਾਸਨ ਨੂੰ ਸ਼ਹਿਰ ਦੀ ਹਰ ਦੁਕਾਨ ਅਤੇ ਘਰ ਤੋਂ ਕਬਜ਼ੇ ਹਟਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ। ਡਿਊਟੀ ਮੈਜਿਸਟਰੇਟ ਵੈਟਰਨਰੀ ਡਾਕਟਰ ਡਾ. ਸੰਦੀਪ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਕਬਜ਼ਾ ਹਟਾਉਣ ਦੀ ਪ੍ਰਕਿਰਿਆ ਲਾਗੂ ਕੀਤੀ ਗਈ ਹੈ। ਨਗਰ ਪਾਲਿਕਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੂਹ ਵਾਲਾ ਬਾਜ਼ਾਰ ਤੋਂ ਕਬਜ਼ੇ ਹਟਾਏ ਗਏ ਹਨ।