ਯੂ.ਪੀ.ਐਸ.ਸੀ. ਨੇ ਮਨਾਇਆ ਸ਼ਤਾਬਦੀ ਸਥਾਪਨਾ ਦਿਵਸ
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਯੂ.
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਯੂ.ਪੀ.ਐਸ.ਸੀ. ਨੇ ਆਪਣੇ ਸ਼ਤਾਬਦੀ ਸਥਾਪਨਾ ਦਿਵਸ ਪ੍ਰਤੀ ਯੂ.ਪੀ.ਐਸ.ਸੀ. ਫਾਊਂਡੇਸ਼ਨ-ਡੇਅ ਉਤਸ਼ਾਹ ਨਾਲ ਮਨਾਇਆ। ਇਸ ਸਮਾਰੋਹ ਦਾ ਆਯੋਜਨ ਸ਼ਾਹਜਹਾਂ ਰੋਡ, ਨਜ਼ਦੀਕ ਇੰਡੀਆ ਗੇਟ ਦੇ ਯੂ.ਪੀ.ਐਸ.ਸੀ. ਦੇ ਕੰਪਲੈਕਸ ਵਿਖੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸਟਾਫ਼ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਯੂ.ਪੀ.ਐਸ.ਸੀ. ਦੇ ਚੇਅਰਮੈਨ ਡਾ. ਅਜੇ ਕੁਮਾਰ ਨੇ ਆਪਣੇ ਸਮੁੱਚੇ ਸਟਾਫ਼ ਨੂੰ ਇਸ ਫਾਊਂਡੇਸ਼ਨ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੂ.ਪੀ.ਐਸ.ਸੀ. ਦਾ ਸਮੁੱਚਾ ਸਟਾਫ਼ ਬੜੀ ਹੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਰਿਹਾ ਹੈ ਅਤੇ ਇਨ੍ਹਾਂ ਦੇ ਬਹੁਤ ਵਧੀਆ ਕਾਰਜਸ਼ੈਲੀ ਦੇ ਸਦਕਾ ਯੂ.ਪੀ.ਐਸ.ਸੀ. ਆਪਣਾ ਸ਼ਤਾਬਦੀ ਦਿਵਸ ਮਨਾ ਰਿਹਾ ਹੈ। ਉਨ੍ਹਾਂ ਯੂ.ਪੀ.ਐਸ.ਸੀ. ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਯੂ.ਪੀ.ਐਸ.ਸੀ. ਦੀਆਂ ਪ੍ਰਾਪਤੀਆਂ ਦੀ ਸਮੁੱਚੀ ਰਿਪੋਰਟ ਪੜ੍ਹੀ। ਇਸ ਮੌਕੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਇਕ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ, ਜਿਸ ਵਿਚ ਭੰਗੜਾ, ਮਨੀਪੁਰੀ ਲੋਕ ਨਾਚ, ਗੁਗਮ ਗੀਤ, ਕੱਥਕ ਨ੍ਰਿਤ ਪੇਸ਼ ਕੀਤਾ ਗਿਆ। ਪ੍ਰਸਿੱਧ ਅੰਤਰਰਾਸ਼ਟਰੀ ਕੋਚ ਰਜਿੰਦਰ ਟਾਂਕ ਦੀ ਅਗਵਾਈ ਵਿਚ ਤਿਆਰ ਕੀਤਾ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਗਾਇਕ ਦੀਪਕ ਟਾਂਕ ਨੇ ਬੋਲੀਆਂ ਪਾਈਆਂ ਅਤੇ ਅਮਿਤ ਢੋਲੀ ਨੇ ਰਵਾਇਤੀ ਤਾਲਾਂ ਵਜਾਈਆਂ। ਅਲਗੋਜ਼ੇ ’ਤੇ ਰਾਜਿੰਦਰ ਟਾਂਕ ਨੇ ਪੇਸ਼ਕਾਰੀ ਦਿੱਤੀ। ਅਖੀਰ ਵਿਚ ਵਧੀਆ ਕਾਰਜਸ਼ੈਲੀ ਪ੍ਰਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।