25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

26 ਤੋਂ 28 ਨਵੰਬਰ ਤੱਕ ਐਨ . ਡੀ . ਆਰ . ਆਈ . ਵਿਖੇ ਲੱਗੇਗਾ ਕੌਮੀ ਡੇਅਰੀ ਮੇਲਾ ਤੇ ਖੇਤੀਬਾੜੀ ਐਕਸਪੋ -2026 ‘ਲੋਕਲ ਤੋਂ ਗਲੋਬਲ’ ਥੀਮ ਹੇਠ ਕਿਸਾਨਾਂ ਨੂੰ ਵਿਗਿਆਨ, ਆਧੁਨਿਕ ਤਕਨੀਕਾਂ ਅਤੇ ਕੌਮਾਂਤਰੀ ਬਾਜ਼ਾਰ ਨਾਲ ਜੋੜਨ ਦੀ ਪਹਿਲ, ਮਹਿਲਾ ਤੇ ਨੌਜਵਾਨ ਉੱਦਮੀਆਂ ਨੂੰ ਮਿਲੇਗਾ ਵਿਸ਼ੇਸ਼ ਮੌਕਾ

ਕਰਨਾਲ, 25 ਨਵੰਬਰ (ਗੁਰਮੀਤ ਸਿੰਘ ਸੱਗੂ)-ਕਿਸਾਨਾਂ ਦੀ ਆਮਦਨ ਵਧਾਉਣ, ਡੇਅਰੀ ਅਤੇ ਖੇਤੀਬਾੜੀ ਖੇਤਰ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਅਤੇ ਪੇਂਡੂ ਖੇਤਰ ਵਿਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਈ. ਸੀ.

Ad Position 21
No active advertisement
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਨ. ਡੀ. ਆਰ. ਆਈ. ਦੇ ਡਾਇਰੈਕਟਰ ਡਾ. ਧੀਰ ਸਿੰਘ। ਤਸਵੀਰ : ਗੁਰਮੀਤ ਸਿੰਘ ਸੱਗੂ 26-11-2026
ਕਰਨਾਲ, 25 ਨਵੰਬਰ (ਗੁਰਮੀਤ ਸਿੰਘ ਸੱਗੂ)-ਕਿਸਾਨਾਂ ਦੀ ਆਮਦਨ ਵਧਾਉਣ, ਡੇਅਰੀ ਅਤੇ ਖੇਤੀਬਾੜੀ ਖੇਤਰ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਅਤੇ ਪੇਂਡੂ ਖੇਤਰ ਵਿਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਈ. ਸੀ. ਏ. ਆਰ. ਰਾਸ਼ਟਰੀ ਡੇਅਰੀ ਖੋਜ ਸੰਸਥਾਨ (ਐਨ. ਡੀ. ਆਰ. ਆਈ.), ਕਰਨਾਲ ਵਿਖੇ 26 ਤੋਂ 28 ਨਵੰਬਰ ਤੱਕ ਕੌਮੀ ਡੇਅਰੀ ਮੇਲਾ ਅਤੇ ਖੇਤੀਬਾੜੀ ਐਕਸਪੋ-2026 ਲਗਾਇਆ ਜਾਵੇਗਾ। ਸੰਸਥਾਨ ਦੇ ਮੇਲਾ ਮੈਦਾਨ ਵਿਚ ਹੋਣ ਵਾਲੇ ਇਸ ਤਿੰਨ ਰੋਜ਼ਾ ਸਮਾਗਮ ਵਿਚ ਕਿਸਾਨਾਂ, ਪਸ਼ੂ ਪਾਲਕਾਂ, ਮਹਿਲਾ ਉੱਦਮੀਆਂ, ਨੌਜਵਾਨਾਂ, ਵਿਗਿਆਨੀਆਂ, ਖੇਤੀਬਾੜੀ ਸਟਾਰਟਅੱਪਸ, ਕਿਸਾਨ ਉਤਪਾਦਕ ਸੰਗਠਨਾਂ (ਐੱਫ. ਪੀ. ਓਜ਼), ਸਵੈ-ਸਹਾਇਤਾ ਸਮੂਹਾਂ, ਉਦਯੋਗਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਵਾਇਆ ਜਾਵੇਗਾ। ਮੇਲੇ ਸੰਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ. ਡੀ. ਆਰ. ਆਈ. ਦੇ ਡਾਇਰੈਕਟਰ ਡਾ. ਧੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਮੇਲੇ ਦਾ ਮੁੱਖ ਉਦੇਸ਼ ਖੇਤੀਬਾੜੀ ਅਤੇ ਡੇਅਰੀ ਖੇਤਰ ਨੂੰ ਸਿਰਫ਼ ਉਤਪਾਦਨ ਤੱਕ ਸੀਮਤ ਰੱਖਣ ਦੀ ਬਜਾਏ ਇਸ ਨੂੰ ਇਕ ਮਜ਼ਬੂਤ ਅਤੇ ਖੁਸ਼ਹਾਲ ਪੇਂਡੂ ਅਰਥਵਿਵਸਥਾ ਵਜੋਂ ਵਿਕਸਿਤ ਕਰਨਾ ਹੈ। ਇਸ ਲਈ ਵਿਗਿਆਨਕ ਖੋਜ, ਨਵੀਆਂ ਤਕਨੀਕਾਂ, ਮਹਿਲਾ ਅਗਵਾਈ, ਨੌਜਵਾਨਾਂ ਦੀ ਉੱਦਮਤਾ, ਉਤਪਾਦਾਂ ਦੀ ਵੈਲਿਊ ਐਡੀਸ਼ਨ ਅਤੇ ਬਾਜ਼ਾਰ ਨਾਲ ਸਿੱਧੇ ਸੰਪਰਕ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਲੇ ਦੀ ਵਪਾਰਕ ਥੀਮ ‘ਲੋਕਲ ਤੋਂ ਗਲੋਬਲ’ ਰੱਖੀ ਗਈ ਹੈ। ਇਸ ਤਹਿਤ ਕਿਸਾਨ ਉਤਪਾਦਕ ਸੰਗਠਨਾਂ ਨੂੰ ਦੇਸ਼-ਵਿਦੇਸ਼ ਦੇ ਬਾਜ਼ਾਰਾਂ ਅਤੇ ਬਰਾਮਦ ਦੇ ਮੌਕਿਆਂ ਨਾਲ ਜੋੜਨ ਲਈ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਡਾ), ਐਕਸਪੋਰਟ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਅਤੇ ਜ਼ਿਲ੍ਹਾ ਉਦਯੋਗ ਕੇਂਦਰਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਕਿਸਾਨਾਂ ਨੂੰ ਉਤਪਾਦਨ ਦੇ ਨਾਲ-ਨਾਲ ਉਨ੍ਹਾਂ ਦੇ ਉਤਪਾਦਾਂ ਦੀ ਪ੍ਰੋਸੈਸਿੰਗ, ਮਾਰਕੀਟਿੰਗ ਅਤੇ ਬਰਾਮਦ ਦੇ ਮੌਕੇ ਪ੍ਰਦਾਨ ਕਰਨਾ ਹੈ। ਡਾ. ਧੀਰ ਸਿੰਘ ਨੇ ਦੱਸਿਆ ਕਿ ਵਿਕਸਿਤ ਭਾਰਤ-2047 ਦੇ ਟੀਚੇ ਨੂੰ ਧਿਆਨ ਵਿਚ ਰੱਖਦਿਆਂ ਇਸ ਮੇਲੇ ਦਾ ਮੁੱਖ ਵਿਜ਼ਨ ਵਿਗਿਆਨਕ ਖੋਜ, ਖੇਤ ਤੋਂ ਬਾਜ਼ਾਰ ਤੱਕ ਮਜ਼ਬੂਤ ਸੰਪਰਕ ਅਤੇ ਮਹਿਲਾ ਤੇ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਦੀ ਖੁਸ਼ਹਾਲੀ ਯਕੀਨੀ ਬਣਾਉਣਾ ਹੈ। ਇਹ ਮੇਲਾ ਸਿਰਫ਼ ਖੇਤੀਬਾੜੀ ਅਤੇ ਡੇਅਰੀ ਉਤਪਾਦਾਂ ਦੀ ਪ੍ਰਦਰਸ਼ਨੀ ਨਹੀਂ ਹੋਵੇਗਾ, ਸਗੋਂ ਕਿਸਾਨਾਂ ਨੂੰ ਵਿਗਿਆਨੀਆਂ, ਉਦਯੋਗਾਂ ਅਤੇ ਕੌਮਾਂਤਰੀ ਬਾਜ਼ਾਰਾਂ ਨਾਲ ਜੋੜਨ ਵਾਲਾ ਕੌਮੀ ਮੰਚ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮਹਿਲਾ ਡੇਅਰੀ ਉੱਦਮੀਆਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ, ਜਦਕਿ ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਸੁਧਰੇ ਹੋਏ ਬੀਜਾਂ ਦੀਆਂ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਮਹਿਲਾਵਾਂ ਵੱਲੋਂ ਚਲਾਏ ਜਾ ਰਹੇ ਖੇਤੀਬਾੜੀ ਅਤੇ ਡੇਅਰੀ ਕਾਰੋਬਾਰਾਂ ਨੂੰ ਕੌਮਾਂਤਰੀ ਬਾਜ਼ਾਰਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਤਾਂ ਜੋ ਉਹ ਆਪਣੇ ਉਤਪਾਦਾਂ ਨੂੰ ਵੱਡੇ ਪੱਧਰ ’ਤੇ ਵੇਚ ਕੇ ਆਰਥਿਕ ਤੌਰ ’ਤੇ ਆਤਮਨਿਰਭਰ ਬਣ ਸਕਣ। ਮੇਲੇ ਦੀ ਇਕ ਹੋਰ ਵਿਸ਼ੇਸ਼ ਪਹਿਲ ਖੇਤੀਬਾੜੀ ਖੇਤਰ ਵਿਚ ਉੱਭਰ ਰਹੀਆਂ ਨਵੀਆਂ ਤਕਨੀਕਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਕਿਸਾਨਾਂ ਨੂੰ ਜਾਣੂ ਕਰਵਾਉਣਾ ਹੈ। ਇਸ ਤਹਿਤ ਗ੍ਰੀਨ ਅਮੋਨੀਆ ਵਰਗੀਆਂ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਆਰਟੀਫਿਸ਼ਲ ਇੰਟੈਲੀਜੈਂਸ (ਏ. ਆਈ.), ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ, ਕੁਦਰਤੀ ਖੇਤੀ ਅਤੇ ਆਧੁਨਿਕ ਡੇਅਰੀ ਪ੍ਰਬੰਧਨ ਵਰਗੇ ਵਿਸ਼ਿਆਂ ਨੂੰ ਵੀ ਇਕੋ ਮੰਚ ’ਤੇ ਲਿਆਂਦਾ ਜਾਵੇਗਾ, ਤਾਂ ਜੋ ਕਿਸਾਨ ਭਵਿੱਖ ਦੀਆਂ ਖੇਤੀਬਾੜੀ ਚੁਣੌਤੀਆਂ ਲਈ ਤਿਆਰ ਹੋ ਸਕਣ। ਡਾਇਰੈਕਟਰ ਨੇ ਕਿਹਾ ਕਿ ਖੇਤੀਬਾੜੀ ਅਤੇ ਡੇਅਰੀ ਖੇਤਰ ਵਿਚ ਕੰਮ ਕਰ ਰਹੇ ਸਟਾਰਟਅੱਪਸ, ਪੇਂਡੂ ਉੱਦਮੀਆਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਵੀ ਇਸ ਮੇਲੇ ਨਾਲ ਜੋੜਿਆ ਜਾ ਰਿਹਾ ਹੈ। ਜ਼ਿਲ੍ਹਾ ਉਦਯੋਗ ਕੇਂਦਰਾਂ ਦੀ ਭਾਗੀਦਾਰੀ ਨਾਲ ਕਿਸਾਨਾਂ ਨੂੰ ਉਤਪਾਦਾਂ ਦੀ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਉਦਯੋਗਿਕ ਇਕਾਈਆਂ ਸਥਾਪਤ ਕਰਨ ਅਤੇ ਬਰਾਮਦ ਦੇ ਖੇਤਰ ਵਿਚ ਨਵੇਂ ਮੌਕਿਆਂ ਬਾਰੇ ਜਾਣਕਾਰੀ ਮਿਲੇਗੀ। ਮੇਲੇ ਦੌਰਾਨ ‘ਫਾਰਮਰ ਟੂ ਐਕਸਪੋਰਟਰ ਲੋਕਲ ਤੋਂ ਗਲੋਬਲ-ਐਕਸਪੋਰਟ ਰੈਡੀਨੈੱਸ’ ਵਿਸ਼ੇ ’ਤੇ ਵਿਸ਼ੇਸ਼ ਸੈਸ਼ਨ ਵੀ ਕਰਵਾਇਆ ਜਾਵੇਗਾ। ਇਸ ਦਾ ਉਦੇਸ਼ ਕਿਸਾਨਾਂ ਅਤੇ ਉਤਪਾਦਕ ਸੰਗਠਨਾਂ ਨੂੰ ਬਰਾਮਦ ਸਬੰਧੀ ਲੋੜੀਂਦੀ ਜਾਣਕਾਰੀ, ਮਿਆਰਾਂ ਅਤੇ ਬਾਜ਼ਾਰ ਦੀਆਂ ਜ਼ਰੂਰਤਾਂ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਆਪਣੇ ਉਤਪਾਦਾਂ ਨੂੰ ਕੌਮਾਂਤਰੀ ਪੱਧਰ ’ਤੇ ਪਹੁੰਚਾ ਸਕਣ। ਉਨ੍ਹਾਂ ਦੱਸਿਆ ਕਿ ‘ਖੇਤ ਬਚਾਓ ਮੁਹਿੰਮ’ ਤਹਿਤ 28 ਨਵੰਬਰ ਨੂੰ ਕਿਸਾਨਾਂ ਲਈ ਵਿਸ਼ੇਸ਼ ਤਕਨੀਕੀ ਸੈਸ਼ਨ ਕਰਵਾਏ ਜਾਣਗੇ। ਇਨ੍ਹਾਂ ਵਿਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਕੁਦਰਤੀ ਖੇਤੀ ਨਾਲ ਜੁੜੇ ਮਾਹਿਰ ਕਿਸਾਨਾਂ ਨੂੰ ਵਿਗਿਆਨਕ ਅਤੇ ਵਿਵਹਾਰਕ ਜਾਣਕਾਰੀ ਦੇਣਗੇ। ਇਨ੍ਹਾਂ ਸੈਸ਼ਨਾਂ ਰਾਹੀਂ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਵਿਧੀਆਂ ਅਪਣਾਉਣ ਅਤੇ ਖੇਤੀ ਨੂੰ ਵਧੇਰੇ ਲਾਹੇਵੰਦ ਤੇ ਟਿਕਾਊ ਬਣਾਉਣ ਲਈ ਮਾਰਗਦਰਸ਼ਨ ਮਿਲੇਗਾ। ਅੰਤ ਵਿਚ ਡਾ. ਧੀਰ ਸਿੰਘ ਨੇ ਕਿਸਾਨਾਂ, ਪਸ਼ੂ ਪਾਲਕਾਂ, ਉੱਦਮੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ 26 ਤੋਂ 28 ਨਵੰਬਰ ਤੱਕ ਲੱਗਣ ਵਾਲੇ ਇਸ ਕੌਮੀ ਮੇਲੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਗਮ ਖੇਤੀਬਾੜੀ ਅਤੇ ਡੇਅਰੀ ਖੇਤਰ ਵਿਚ ਵਿਗਿਆਨਕ, ਤਕਨੀਕੀ ਅਤੇ ਵਪਾਰਕ ਮੌਕਿਆਂ ਦਾ ਲਾਭ ਉਠਾਉਣ ਲਈ ਇਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਨਸ਼ਾ , ਗੈਂਗਸਟਰਵਾਦ ਤੇ ਬੇਰੁਜ਼ਗਾਰੀ ਤੋਂ ਮੁਕਤ ਕਰਵਾਉਣ ਲਈ ਭਾਜਪਾ - ਅਕਾਲੀ ਗੱਠਜੋੜ ਜ਼ਰੂਰੀ - ਤਰਲੋਚਨ ਸਿ... ਅਗਲੀ ਖ਼ਬਰ ਮਿਲਣਾ ਅਤੇ ਵਿਛੋੜਾ ਦੋਵੇਂ ਜੀਵਨ ਵਿੱਚ ਕੁਦਰਤੀ ਹਨ - ਜੈਨ ਸਾਧਵੀ
Ad Position 24