ਵੱਖ-ਵੱਖ ਸਕੂਲਾਂ 'ਚ ਉਤਸ਼ਾਹ ਨਾਲ ਮਨਾਈ ਬਸੰਤ ਪੰਚਮੀ ਤੇ ਗਣਤੰਤਰ ਦਿਵਸ
ਅਜੀਤ ਡੈਸਕ
24-01-2026
ਏ. ਪੀ. ਜੇ. ਸਕੂਲ ਮਾਡਲ ਟਾਊਨ
ਬਸੰਤ ਪੰਚਮੀ ਦੇ ਮੌਕੇ 'ਤੇ ਪ੍ਰੀ-ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਦੇਵੀ ਸਰਸਵਤੀ ਦੀ ਪੂਜਾ ਕਰਨ ਲਈ ਉਤਸ਼ਾਹਿਤ ਕੀਤਾ ਤੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ | ਏ.ਪੀ.ਜੇ. ਸਕੂਲ ਮਾਡਲ ਟਾਊਨ ਵਿਖੇ ਗਣਤੰਤਰ ਦਿਵਸ ਦੇ ਜਸ਼ਨ ਬੜੇ ਉਤਸ਼ਾਹ ਨਾਲ ਮਨਾਏ ਗਏ | ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਸਭਾ ਨਾਲ ਹੋਈ | ਜਸ਼ਨ ਦੀ ਸ਼ੁਰੂਆਤ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਚੰਦੇਲ ਦੀ ਅਗਵਾਈ ਵਿੱਚ ਇੱਕ ਸ਼ਾਨਦਾਰ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ | ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਤੇ ਪ੍ਰੇਰਨਾਦਾਇਕ ਭਾਸ਼ਣਾਂ ਰਾਹੀਂ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਚੰਦੇਲ ਨੇ ਵਿਦਿਆਰਥੀਆਂ ਨੂੰ ਆਦਰਸ਼ਾਂ ਦੇ ਨਾਲ ਖੜ੍ਹੇ ਰਹਿਣ ਲਈ ਕਿਹਾ |
ਆਈਵੀ ਵਰਲਡ ਸਕੂਲ
ਵਾਸਲ ਐਜੂਕੇਸ਼ਨ ਦੇ ਸਹਿਯੋਗ ਹੇਠ ਆਈਵੀ ਵਰਲਡ ਸਕੂਲ ਜਲੰਧਰ ਵਿੱਚ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਵਿੱਚ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਦੀ ਉਤਸ਼ਾਹਪੂਰਣ ਭਾਗੀਦਾਰੀ ਨੇ ਸਕੂਲ ਨੂੰ ਦੇਸ਼ਭਗਤੀ ਤੇ ਏਕਤਾ ਦੇ ਰੰਗਾਂ ਨਾਲ ਭਰ ਦਿੱਤਾ | ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਸਭਾ ਨਾਲ ਹੋਈ ਜਿਸ ਵਿੱਚ ਵਿਦਿਆਰਥੀਆਂ ਨੂੰ ਰਾਸ਼ਟਰੀ ਝੰਡੇ ਦੀ ਮਹੱਤਤਾ, ਭਾਰਤੀ ਸੰਵਿਧਾਨ, ਰਾਸ਼ਟਰੀ ਗੀਤ ਅਤੇ ਆਜ਼ਾਦੀ ਸੈਨਾਨੀਆਂ ਦੇ ਬਲਿਦਾਨਾਂ ਬਾਰੇ ਜਾਣਕਾਰੀ ਦਿੱਤੀ ਗਈ | ਬੱਚਿਆਂ ਨੇ ਕਲਾ ਅਤੇ ਕ੍ਰਾਫਟ ਗਤਿਵਿਧੀਆਂ ਵਿੱਚ ਭਾਗ ਲੈ ਕੇ ਗਣਤੰਤਰ ਦਿਵਸ ਦੇ ਮੁੱਖ ਸਿਧਾਂਤ, ਆਜ਼ਾਦੀ ਤੇ ਸਮਾਨਤਾ ਨੂੰ ਰੰਗੀਨ ਢੰਗ ਨਾਲ ਦਰਸਾਇਆ | ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਪ੍ਰਧਾਨ ਸ੍ਰੀਮਤੀ ਈਨਾ ਵਾਸਲ, ਸੀ.ਈ.ਓ. ਸ੍ਰੀ ਰਾਘਵ ਵਾਸਲ ਤੇ ਡਾਇਰੈਕਟਰ ਸ੍ਰੀਮਤੀ ਅਦਿਤੀ ਵਾਸਲ ਨੇ ਗਣਤੰਤਰ ਦਿਵਸ ਬਾਰੇ ਜਾਣਕਾਰੀ ਦਿੱਤੀ |
ਏ.ਪੀ.ਜੇ. ਸਕੂਲ ਮਾਡਲ ਟਾਊਨ
ਏ.ਪੀ.ਜੇ. ਸਕੂਲ ਮਾਡਲ ਟਾਊਨ ਵਿਖੇ ਬਸੰਤ ਪੰਚਮੀ ਸ਼ਰਧਾ ਅਤੇ ਸੱਭਿਆਚਾਰਕ ਜੋਸ਼ ਨਾਲ ਮਨਾਈ ਗਈ, ਜੋ ਬਸੰਤ ਰੁੱਤ ਦੀ ਸ਼ੁਰੂਆਤ, ਗਿਆਨ ਤੇ ਬੁੱਧੀ ਦੇ ਜਸ਼ਨ ਨੂੰ ਦਰਸਾਉਂਦੀ ਹੈ | ਪ੍ਰੋਗਰਾਮ ਸਵੇਰ ਦੀ ਸਭਾ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਮਾਂ ਸਰਸਵਤੀ ਦੇ ਅੱਗੇ ਰਸਮੀ ਦੀਵਾ ਜਗਾਇਆ ਗਿਆ | ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਜਾਣਕਾਰੀ ਭਰਪੂਰ ਭਾਸ਼ਣਾਂ ਨੇ ਦਰਸ਼ਕਾਂ ਨੂੰ ਬਸੰਤ ਪੰਚਮੀ ਦੇ ਮਹੱਤਵ ਬਾਰੇ ਚਾਨਣਾ ਪਾਇਆ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਿਮਰਤਾ ਅਤੇ ਸਮਰਪਣ ਨਾਲ ਗਿਆਨ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ |
ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ
ਗੁਰੂ ਤੇਗ ਬਹਾਦਰ ਨਗਰ ਦੇ ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦੇ ਸ਼ੁਭ ਮੌਕੇ 'ਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਸੁਸ਼ਮਾ ਹਾਂਡਾ ਨੇ ਕੀਤੀ | ਵਿਦਿਆਰਥੀਆਂ ਨੇ ਦੇਵੀ ਸਰਸਵਤੀ ਦੀ ਪੂਜਾ ਕੀਤੀ ਤੇ ਭਜਨ ਗਾਉਂਦੇ ਹੋਏ ਆਪਣੀ ਸ਼ਰਧਾ ਪ੍ਰਗਟ ਕਰਨ ਲਈ ਫੁੱਲ ਭੇਟ ਕੀਤੇ | ਡਾਇਰੈਕਟਰ ਸ੍ਰੀਮਤੀ ਸੁਸ਼ਮਾ ਹਾਂਡਾ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |