ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਰਾਮਾ ਮੰਡੀ ਮਾਰਕੀਟ ਤੇ ਢਿੱਲਵਾਂ ਰੋਡ 'ਤੇ ਨਾਜ਼ਾਇਜ਼ ਕਬਜ਼ਿਆਂ ਕਾਰਨ ਰਾਹਗੀਰ ਪ੍ਰ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 24-01-2026
ਜਲੰਧਰ ਛਾਉਣੀ, 23 ਜਨਵਰੀ (ਪਵਨ ਖਰਬੰਦਾ)- ਨਗਰ ਨਿਗਮ ਦੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ਵਿਖੇ ਸਥਿਤ ਰਾਮਾ ਮੰਡੀ ਮਾਰਕੀਟ ਵਿੱਚ ਨਗਰ ਨਿਗਮ ਦੀ ਤਹਿਬਜ਼ਾਰੀ ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਬਾਵਜੂਦ ਰਾਮਾ ਮੰਡੀ ਮਾਰਕੀਟ ਵਿੱਚ ਸੜਕ ਕਿਨਾਰੇ ਸ਼ਰੇਆਮ ਨਾਜਾਇਜ਼ ਰੇਹੜੀਆਂ ਲੱਗਣੀਆਂ ਮੁੜ ਸ਼ੁਰੂ ਹੋ ਗਈਆਂ ਹਨ ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਸੜਕ ਕਿਨਾਰੇ ਖੜੇ ਕਰਨ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਅਕਸਰ ਹੀ ਨਾਜਾਇਜ਼ ਰੇਹੜੀਆਂ ਲਾਉਣ ਵਾਲਿਆਂ ਨਾਲ ਵਿਵਾਦ ਵੀ ਹੁੰਦਾ ਰਹਿੰਦਾ ਹੈ | ਇੱਥੇ ਦੱਸਣਯੋਗ ਹੈ ਕਿ ਨਗਰ ਨਿਗਮ ਦੀ ਤਹਿਬਜ਼ਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੁਝ ਸਿਆਸੀ ਆਗੂਆਂ ਦੇ ਕਹਿਣ 'ਤੇ ਨਾਜਾਇਜ਼ ਰੇਹੜੀ ਲਾਉਣ ਵਾਲਿਆਂ ਨੂੰ ਸੜਕ ਕਿਨਾਰੇ ਬਣੀ ਹੋਈ ਡਰੇਨ ਦੇ ਉੱਪਰ ਰੇਹੜੀਆਂ ਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਉਕਤ ਰੇਹੜੀਆਂ ਵਾਲੇ ਆਪਣਾ ਅਧਿਕਾਰ ਸਮਝਦੇ ਹੋਏ ਆਪਣੀਆਂ ਨਾਜਾਇਜ਼ ਰੇਹੜੀਆਂ ਨੂੰ ਮੁੜ ਸੜਕ ਕਿਨਾਰੇ ਬਣੇ ਹੋਏ ਫੁੱਟਪਾਥ 'ਤੇ ਲਾਉਣ ਲੱਗ ਪਏ ਹਨ ਜਿਸ ਕਾਰਨ ਪੈਦਲ ਜਾਣ ਵਾਲੇ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਨਗਰ ਨਿਗਮ ਦੇ ਮੇਅਰ ਤੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਕਤ ਨਾਜਾਇਜ਼ ਰੇਹੜੀਆਂ ਨੂੰ ਸੜਕ ਕਿਨਾਰੇ ਲਾਉਣ ਵਾਲੇ ਅਨਸਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੀ ਨਾਜਾਇਜ਼ ਰੇਹੜੀਆਂ ਨੂੰ ਜ਼ਬਤ ਕੀਤਾ ਜਾਵੇ | ਲੋਕਾਂ ਨੇ ਨਗਰ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਅਕਸਰ ਹੀ ਇੱਥੇ ਨਾਜਾਇਜ਼ ਰੇੜੀਆਂ ਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਪਰ ਨਾਜਾਇਜ਼ ਰੇਹੜੀਆਂ ਲਾਉਣ ਵਾਲੇ ਲੋਕ ਨਗਰ ਨਿਗਮ ਦੀ ਟੀਮ ਆਉਣ ਸਮੇਂ ਗਲੀਆਂ ਵਿੱਚ ਆਪਣੀਆਂ ਰੇਹੜੀਆਂ ਲੈ ਕੇ ਚਲੇ ਜਾਂਦੇ ਹਨ ਤੇ ਨਗਰ ਨਿਗਮ ਦੀ ਟੀਮ ਜਾਣ ਤੋਂ ਬਾਅਦ ਮੁੜ ਸ਼ਾਮ ਸਮੇਂ ਉਹ ਆਪਣੀਆਂ ਰੇਹੜੀਆਂ ਸੜਕ ਕਿਨਾਰੇ ਲਾ ਲੈਂਦੇ ਹਨ | ਦੱਸਣਯੋਗ ਹੈ ਕੀ ਰਾਮਾ ਮੰਡੀ ਮਾਰਕੀਟ ਵਿੱਚ ਗਸ਼ਤ ਕਰਨ ਵਾਲੀ ਪੀ.ਸੀ.ਆਰ. ਦੀ ਟੀਮ ਵੱਲੋਂ ਵੀ ਨਾਜਾਇਜ਼ ਰੇਹੜੀਆਂ ਲਾਉਣ ਵਾਲਿਆਂ ਤੇ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਨੂੰ ਅਕਸਰ ਹੀ ਚਿਤਾਵਨੀ ਦੇ ਕੇ ਉਹਨਾਂ ਨੂੰ ਹਟਾਇਆ ਜਾਂਦਾ ਹੈ ਪਰ ਉਕਤ ਲੋਕ ਪੀ.ਸੀ.ਆਰ. ਟੀਮ ਦੀ ਪ੍ਰਵਾਹ ਕੀਤੇ ਬਿਨਾਂ ਸ਼ਰੇਆਮ ਹੀ ਰਾਮਾ ਮੰਡੀ ਮਾਰਕੀਟ ਦੇ ਸਾਰੇ ਕਿਨਾਰੇ ਰੇਹੜੀਆਂ ਲਾਉਣ ਨੂੰ ਆਪਣਾ ਅਧਿਕਾਰ ਸਮਝਦੇ ਹਨ | ਪੁਲਿਸ ਕਮਿਸ਼ਨਰੇਟ ਅਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਕਤ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੈਦਲ ਜਾਣ ਵਾਲੇ ਅਤੇ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ |
ਢਿਲਵਾਂ ਚੌਕ 'ਚ ਵੀ ਲਗਾਤਾਰ ਵਧ ਰਹੇ ਹਨ ਨਾਜਾਇਜ਼ ਕਬਜ਼ੇ
ਨਗਰ ਨਿਗਮ ਦੇ ਅਧੀਨ ਆਉਂਦੇ ਢਿਲਵਾਂ ਰੋਡ ਵਿਖੇ ਵੀ ਬੀਤੇ ਕੁਝ ਸਮੇਂ ਤੋਂ ਨਜਾਇਜ਼ ਉਸਾਰੀਆਂ ਹੋਣ ਕਾਰਨ ਤੇ ਲਗਾਤਾਰ ਬਣ ਰਹੀਆਂ ਦੁਕਾਨਾਂ ਕਾਰਨ ਹੁਣ ਢਿਲਵਾਂ ਰੋਡ 'ਤੇ ਵੀ ਕੁਝ ਦੁਕਾਨਦਾਰਾਂ ਤੇ ਨਜਾਇਜ਼ ਰੇਹੜੀਆਂ ਲਾਉਣ ਵਾਲਿਆਂ ਵੱਲੋਂ ਸ਼ਰੇਆਮ ਨਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਹਨ | ਦੱਸਣਯੋਗ ਹੈ ਕੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਢਿੱਲੋਂ ਵੱਲੋਂ ਇਸ ਰੋਡ 'ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਲੋਕਾਂ ਖਿਲਾਫ ਨਗਰ ਨਿਗਮ ਨੂੰ ਕਹਿ ਕੇ ਕਾਰਵਾਈ ਕਰਵਾਈ ਗਈ ਸੀ ਪਰ ਕਾਰਵਾਈ ਤੋਂ ਕੁਝ ਦਿਨ ਬਾਅਦ ਹੀ ਕੁਝ ਕਬਜ਼ਾਧਾਰੀਆਂ ਵੱਲੋਂ ਮੁੜ ਆਪਣੀਆਂ ਨਾਜਾਇਜ਼ ਦੁਕਾਨਾਂ ਤੇ ਨਾਜਾਇਜ਼ ਰੇਹੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਨਗਰ ਨਿਗਮ ਦੀ ਕਾਰਵਾਈ 'ਤੇ ਵੀ ਸਵਾਲੀਆ ਨਿਸ਼ਾਨ ਲੱਗਦੇ ਹੋਏ ਨਜ਼ਰ ਆ ਰਹੇ ਹਨ | ਇਹਨਾਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਢਿਲਵਾਂ ਰੋਡ ਦੇ ਆਸ-ਪਾਸ ਰਹਿਣ ਵਾਲੇ ਖੇਤਰ ਵਾਸੀਆਂ ਵੱਲੋਂ ਵੀ ਕਈ ਵਾਰ ਵਿਰੋਧ ਜਤਾਇਆ ਜਾ ਚੁੱਕਾ ਹੈ ਪਰ ਨਗਰ ਨਿਗਮ ਦੀ ਟੀਮ ਦੀ ਢਿੱਲ ਕਾਰਨ ਇਹ ਨਜਾਇਜ਼ ਕਬਜ਼ੇ ਦਿਨੋਂ ਦਿਨ ਪੱਕੇ ਹੁੰਦੇ ਜਾ ਰਹੇ ਹਨ | ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਦੀ ਇਹ ਟੀਮ ਇਹਨਾਂ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਵਿੱਚ ਕੋਈ ਯੋਗਦਾਨ ਪਾਏਗੀ ਜਾਂ ਇਹ ਨਜਾਇਜ਼ ਕਬਜ਼ੇ ਇਸ ਤਰ੍ਹਾਂ ਹੀ ਵਧਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ 'ਚ ਉਤਸ਼ਾਹ ਨਾਲ ਮਨਾਈ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਅਗਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪੁਲਿਸ ਵਲੋਂ ਛਾਪੇ, ਨੌਜਵਾਨ ਹੈਰੋਇਨ ਪੀਂਦੇ ਕਾਬੂ
Ad Position 24
No active advertisement