ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪੁਲਿਸ ਵਲੋਂ ਛਾਪੇ, ਨੌਜਵਾਨ ਹੈਰੋਇਨ ਪੀਂਦੇ ਕਾਬੂ
ਅਜੀਤ ਡੈਸਕ
24-01-2026
ਮਕਸੂਦਾਂ, 23 ਜਨਵਰੀ (ਸੌਰਵ ਮਹਿਤਾ) - ਜਲੰਧਰ ਵਿਚ ਨਸ਼ਿਆਂ ਦੇ ਵੱਧ ਰਹੇ ਜਾਲ ਨੂੰ ਤੋੜਨ ਲਈ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਸਾਹਮਣੇ ਆਈ ਹੈ | ਥਾਣਾ ਡਿਵੀਜ਼ਨ ਨੰਬਰ 1 ਅਤੇ ਚੌਂਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਰੇਡ ਕਰ ਕੇ ਦੋ ਨੌਜਵਾਨਾਂ ਨੂੰ ਹੈਰੋਇਨ ਦਾ ਨਸ਼ਾ ਕਰਦੇ ਹੋਏ ਕਾਬੂ ਕੀਤਾ |
ਦੋਹਾਂ ਮਾਮਲਿਆਂ ਵਿਚ ਪੁਲਿਸ ਨੇ ਮੁਕੱਦਮੇ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ | ਪਹਿਲੀ ਕਾਰਵਾਈ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਕੀਤੀ ਗਈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਰਲਟਨ ਪਾਰਕ ਨੇੜੇ ਕੁੱਝ ਨੌਜਵਾਨ ਅਕਸਰ ਨਸ਼ਾ ਕਰਦੇ ਹਨ | ਏ.ਐਸ.ਆਈ. ਸ਼ਾਮ ਜੀ ਲਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ 'ਤੇ ਛਾਪਾ ਮਾਰਿਆ | ਇਸ ਦੌਰਾਨ ਇੱਕ ਨੌਜਵਾਨ ਨਸ਼ਾ ਕਰਦਾ ਹੋਇਆ ਮਿਲਿਆ, ਜੋ ਪੁਲਿਸ ਨੂੰ ਦੇਖ ਕੇ ਘਬਰਾ ਕੇ ਭੱਜਣ ਲੱਗਾ ਪਰ ਪੁਲਿਸ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ | ਫੜੇ ਗਏ ਨੌਜਵਾਨ ਦੀ ਪਹਿਚਾਣ ਸ਼ਿਵਮ ਪੁੱਤਰ ਰਜਿੰਦਰ ਕੁਮਾਰ ਵਾਸੀ ਰਾਜੀਵ ਗਾਂਧੀ ਫਲੈਟ ਜਲੰਧਰ ਵਜੋਂ ਹੋਈ ਹੈ | ਉਸ ਪਾਸੋਂ ਹੈਰੋਇਨ, ਸਿਲਵਰ ਪੰਨੀ ਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਲਾਈਟਰ ਬਰਾਮਦ ਕੀਤਾ ਗਿਆ |
ਦੋਸ਼ੀ ਖਿਲਾਫ਼ ਥਾਣਾ ਡਿਵੀਜ਼ਨ ਨੰਬਰ 1 ਵਿਚ ਮੁਕੱਦਮਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ | ਦੂਜੀ ਕਾਰਵਾਈ ਚੌਂਕੀ ਫੋਕਲ ਪੁਆਇੰਟ ਦੀ ਪੁਲਿਸ ਵੱਲੋਂ ਅਮਲ ਵਿਚ ਲਿਆਂਦੀ ਗਈ | ਚੌਂਕੀ ਇੰਚਾਰਜ ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫੋਕਲ ਪੁਆਇੰਟ ਨੇੜੇ ਇੱਕ ਖਾਲੀ ਪਲਾਟ ਵਿਚ ਨੌਜਵਾਨ ਨਸ਼ਾ ਕਰਦੇ ਹਨ | ਪੁਲਿਸ ਪਾਰਟੀ ਵੱਲੋਂ ਤੁਰੰਤ ਰੇਡ ਕਰ ਕੇ ਇੱਕ ਨੌਜਵਾਨ ਨੂੰ ਹੈਰੋਇਨ ਪੀਂਦੇ ਹੋਏ ਕਾਬੂ ਕੀਤਾ ਗਿਆ | ਫੜੇ ਗਏ ਦੋਸ਼ੀ ਦੀ ਪਹਿਚਾਣ ਸਾਹਿਲ ਵਾਲੀਆ ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਰੇਰੂ ਵਜੋਂ ਹੋਈ ਹੈ | ਉਸ ਪਾਸੋਂ ਹੈਰੋਇਨ ਤੇ ਨਸ਼ਾ ਕਰਨ ਵਿਚ ਵਰਤਿਆ ਜਾਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ | ਦੋਸ਼ੀ ਖਿਲਾਫ਼ ਸੰਬੰਧਿਤ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਕੇ ਪੁੱਛਗਿੱਛ ਜਾਰੀ ਹੈ |