ਜਲੰਧਰ, 5 ਫਰਵਰੀ (ਸ਼ਿਵ)- ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਨਿਗਮ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਹਦਾਇਤ ਦਿੱਤੀ ਹੈ ਸਗੋਂ ਸ਼ਹਿਰੀਆਂ ਨੂੰ ਹੋਰ ਆ ਰਹੀਆਂ ਮੁਸ਼ਕਲਾਂ ਨੂੰ ਵੀ ਹੱਲ ਕਰਵਾਉਣ ਲਈ ਕਿਹਾ ਹੈ ਤੇ ਇਸ ਉੱਚ ਪੱਧਰੀ ਮੀਟਿੰਗ 'ਚ ਸ਼ਹਿਰ ਵਿਚ ਲੋਕਾਂ ਦੀਆਂ ਵੱਧ ਰਹੀਆਂ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਤੋਂ ਇਲਾਵਾ ਪਾਣੀ ਸੀਵਰੇਜ ਬਿੱਲਾਂ ਦੀ ਵਸੂਲੀ ਤੇ ਟੁੱਟੀਆਂ ਸੜਕਾਂ ਨੂੰ ਲੈ ਕੇ ਲੰਬੀ ਚਰਚਾ ਹੋਈ ਹੈ | ਅਧਿਕਾਰੀਆਂ ਦੀ ਹਦਾਇਤ ਤੋਂ ਬਾਅਦ ਮੇਅਰ ਵਨੀਤ ਧੀਰ ਨੇ ਸੰਬੰਧਿਤ ਅਧਿਕਾਰੀਆਂ ਦੀ ਮੀਟਿੰਗ ਸੱਦ ਕੇ ਇਸ ਹਦਾਇਤ 'ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ | ਚੰਡੀਗੜ੍ਹ ਵਿਚ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਪੀ. ਐਮ. ਆਈ. ਡੀ. ਸੀ. (ਪੰਜਾਬ ਮਿਊਾਸਪਲ ਇੰਸਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ) ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿਚ ਇਹ ਮਾਮਲਾ ਸਾਹਮਣੇ ਆਇਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਕਰਵਾਉਣ ਲਈ ਨਿਗਮ ਦਾ ਜਿਹੜਾ ਐਮ. ਸੇਵਾ ਐਪ ਬਣਾਇਆ ਗਿਆ ਹੈ | ਉਸ ਵਿਚ ਕਈ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਹੱਲ ਕੀਤੀਆਂ ਦਿਖਾ ਦਿੱਤੀਆਂ ਜਾਂਦੀਆਂ ਹਨ ਜਦਕਿ ਅਸਲ ਵਿਚ ਉਨ੍ਹਾਂ ਵਿਚੋਂ ਕਈ ਸ਼ਿਕਾਇਤਾਂ ਹੱਲ ਨਹੀਂ ਹੁੰਦੀਆਂ ਹਨ | ਇਨ੍ਹਾਂ ਸ਼ਿਕਾਇਤਾਂ ਨੂੰ ਹੱਲ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ | ਮੇਅਰ ਵਨੀਤ ਧੀਰ ਨੇ ਚੰਡੀਗੜ੍ਹ ਵਿਚ ਹੋਈ ਮੀਟਿੰਗ ਤੋਂ ਬਾਅਦ ਓ. ਐਂਡ. ਐਮ. (ਓਪ੍ਰੇਸ਼ਨ ਐਂਡ ਮੇਂਟੇਨੈਂਸ ) ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤ ਦਿੱਤੀ ਹੈ ਕਿ ਐਮ. ਸੇਵਾ 'ਤੇ ਆਉਂਦੀਆਂ ਸੀਵਰੇਜ ਬੰਦ ਜਾਂ ਹੋਰ ਸ਼ਿਕਾਇਤਾਂ ਨੂੰ ਤਾਂ ਹੀ ਹੱਲ ਕੀਤਾ ਦਿਖਾਇਆ ਜਾਵੇਗਾ ਕਿ ਪਹਿਲਾਂ ਇੱਕ ਗਠਿਤ ਕੀਤੀ ਜਾਣ ਵਾਲੀ ਨਿਗਰਾਨੀ ਕਮੇਟੀ ਵੱਲੋਂ ਸ਼ਿਕਾਇਤਕਰਤਾ ਨੂੰ ਫ਼ੋਨ ਕਰਕੇ ਜਾਣਕਾਰੀ ਲਈ ਜਾਵੇਗੀ ਕਿ ਉਨ੍ਹਾਂ ਦੀ ਸ਼ਿਕਾਇਤ ਹੱਲ ਹੋ ਗਈ ਹੈ ਤਾਂ ਹੀ ਐਮ. ਸੇਵਾ 'ਤੇ ਸ਼ਿਕਾਇਤ ਹੱਲ ਕੀਤੀ ਦਿਖਾਈ ਜਾਵੇਗੀ | ਨਿਗਰਾਨੀ ਕਮੇਟੀ ਵਲੋਂ ਜਾਂਚ ਕੀਤੇ ਬਿਨਾਂ ਐਪ ਤੋਂ ਸ਼ਿਕਾਇਤ ਹੱਲ ਕੀਤੀ ਨਹੀਂ ਦਿਖਾਈ ਜਾ ਸਕੇਗੀ | ਮੀਟਿੰਗ ਵਿਚ ਹੋਰ ਉਠਾਏ ਗਏ ਪ੍ਰਮੁੱਖ ਮੁੱਦੇ ਵਿਚ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਰਫੇਸ ਵਾਟਰ ਪ੍ਰਾਜੈਕਟ ਦਾ ਕੰਮ ਕਰ ਰਹੀ ਐਲ. ਐਂਡ. ਟੀ. ਕੰਪਨੀ ਨੂੰ ਹਦਾਇਤ ਦਿੱਤੀ ਹੈ ਕਿ ਉਹ ਤੋੜੀਆਂ ਗਈਆਂ ਸੜਕਾਂ ਨੂੰ ਜਲਦੀ ਤੋਂ ਜਲਦੀ ਬਣਾਉਣ ਦਾ ਕੰਮ ਕਰੇ ਤਾਂ ਜੋ ਲੋਕਾਂ ਦੀਆਂ ਪੇ੍ਰਸ਼ਾਨੀਆਂ ਖ਼ਤਮ ਹੋ ਸਕਣ | ਮੇਅਰ ਨੇ ਅਧਿਕਾਰੀਆਂ ਕੋਲ ਪਾਣੀ ਸੀਵਰੇਜ ਦੇ ਬਿੱਲਾਂ ਦੀ ਵਸੂਲੀ ਬਾਰੇ ਵੀ ਧਿਆਨ ਦੁਆਇਆ ਕਿ ਅਜੇ ਵੀ ਵੱਡੀ ਗਿਣਤੀ ਵਿਚ ਲੋਕ ਪਾਣੀ ਤੇ ਸੀਵਰੇਜ ਬਿੱਲਾਂ ਦੀ ਅਦਾਇਗੀ ਨਹੀਂ ਕਰ ਰਹੇ ਹਨ | ਜੇਕਰ ਇਨ੍ਹਾਂ ਬਿੱਲਾਂ ਵਿਚ ਲਗਾਇਆ ਸਰਚਾਰਜ ਹਟਾ ਦਿੱਤਾ ਜਾਵੇ ਤਾਂ ਮੂਲ ਰਕਮ ਲੈਣ ਲਈ ਸਕੀਮ ਕੱਢੀ ਜਾਵੇ ਤਾਂ ਇਸ ਨਾਲ ਪਾਣੀ ਸੀਵਰੇਜ ਬਿੱਲਾਂ ਦੀ ਵਸੂਲੀ ਵਿਚ ਵਾਧਾ ਹੋ ਸਕਦਾ ਹੈ | ਮੇਅਰ ਵਨੀਤ ਧੀਰ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਵਿਚ ਇਸ ਵਿਚ ਹੋਰ ਸੁਧਾਰ ਦੇਖਣ ਨੂੰ ਮਿਲੇਗਾ |